#PUNJAB

ਦਿਲਜੀਤ ਸਿੰਘ ਬੇਦੀ ਦੀ ਲਿਖੀ ਕਿਤਾਬ ‘ਬੁੱਢਾ ਦਲ ਦੇ ਜਥੇਦਾਰ ਸਾਹਿਬਾਨਾਂ ਦਾ ਜੀਵਨ ਬਿਊਰਾ’ ਬਾਬਾ ਬਲਬੀਰ ਸਿੰਘ ਸਮੇਤ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸੰਗਤ ਅਰਪਣ

ਅੰਮ੍ਰਿਤਸਰ, 23 ਮਈ (ਪੰਜਾਬ ਮੇਲ)- ਬੁੱਢਾ ਦਲ ਦੇ ਜਥੇਦਾਰ ਸਾਹਿਬਾਨਾਂ ਦਾ ਜੀਵਨ ਬਿਉਰਾ ਕਿਤਾਬ ਜੋ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਲਿਖੀ ਗਈ ਹੈ, ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ 307ਵੇਂ ਜਨਮ ਦਿਹਾੜੇ ‘ਤੇ ਆਯੋਜਿਤ ਗੁਰਮਤਿ ਸਮਾਗਮ ਸਮੇਂ ਬਾਬਾ ਬਲਬੀਰ ਸਿੰਘ 96 ਕਰੋੜੀ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿ. ਰਘੁਬੀਰ ਸਿੰਘ, ਸੰਤ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਬਲਦੇਵ ਸਿੰਘ ਤੇ ਹੋਰ ਪੰਥ ਦੀਆਂ ਨਾਮਵਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਲੋਕ ਅਰਪਣ ਕੀਤੀ ਗਈ।
ਇਸ ਰਿਲੀਜ਼ ਸਮਾਗਮ ਸਮੇਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬੁੱਢਾ ਦਲ ਦੇ ਜਥੇਦਾਰ ਸਾਹਿਬਾਨਾਂ ਦੇ ਜੀਵਨ ਬਾਰੇ ਸੰਖੇਪ ਤੇ ਭਾਵਪੂਰਤ ਇਹ ਕਿਤਾਬ ਹੈ। ਬਾਬਾ ਬਿਨੋਦ ਸਿੰਘ ਬੁੱਢਾ ਦਲ ਦੇ ਪਹਿਲੇ ਜਥੇਦਾਰ ਸਾਹਿਬਾਨ ਤੋਂ ਲੈ ਕੇ ਮੌਜੂਦਾ 14ਵੇਂ ਮੁਖੀ ਤੀਕ ਦਾ ਜੀਵਨ ਵੇਰਵਾ ਇਸ ਪੁਸਤਕ ਅੰਦਰ ਦਰਜ ਹੈ। ਸ. ਦਿਲਜੀਤ ਸਿੰਘ ਬੇਦੀ ਨੇ ਚੰਗੀ ਮਿਹਨਤ ਕੀਤੀ ਹੈ ਕਿ ਇਸ ਕਿਤਾਬ ਅੰਦਰ ਬੁੱਢਾ ਦਲ ਦੇ ਸਾਰੇ ਜਥੇਦਾਰ ਸਾਹਿਬਾਨਾਂ ਦੀ ਜੀਵਨ ਝਲਕ ਪ੍ਰਾਪਤ ਹੋ ਜਾਵੇਗੀ। ਸਿੰਘ ਸਾਹਿਬ ਗਿ. ਰਘੁਬੀਰ ਸਿੰਘ ਨੇ ਕਿਹਾ ਕਿ ਸ. ਦਿਲਜੀਤ ਸਿੰਘ ਬੇਦੀ ਦਾ ਇਹ ਖੋਜ ਭਰਪੂਰ ਕਾਰਜ ਪ੍ਰਸ਼ੰਸਾਜਨਕ ਹੈ। ਇਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਕਾਲ ਵਿਚ ਵੀ ਯਾਦਗਾਰੀ ਪੁਸਤਕਾਂ ਪੰਥ ਦੀ ਝੋਲੀ ਵਿਚ ਪਾਈਆਂ ਹਨ। ਸੂਰਬੀਰਾਂ ਯੋਧਿਆਂ ਦੀ ਇਕ ਸ਼ਾਨਾਮੱਤੀ ਜਥੇਬੰਦੀ ਦੇ ਆਗੂਆਂ ਦਾ ਜੀਵਨ ਬਿਊਰਾ ਸੰਗ੍ਰਹਿ ਕਰਕੇ ਪੰਥ ਲਈ ਪ੍ਰਕਾਸ਼ਤ ਕਰਨਾ ਇਸ ਲਈ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਅਤੇ ਲੇਖਕ ਸ. ਦਿਲਜੀਤ ਸਿੰਘ ਬੇਦੀ ਵਧਾਈ ਦੇ ਹੱਕਦਾਰ ਹਨ। ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਵੀ ਇਸ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਦਸਤਾਵੇਜ਼ ਇਤਿਹਾਸਕ ਪੱਧਰ ‘ਤੇ ਮੁਲਵਾਨ ਬਣਦੇ ਹਨ।
ਬੁੱਢਾ ਦਲ ਦੇ ਹੈੱਡ ਪ੍ਰਚਾਰਕ ਸੰਤ ਮਨਮੋਹਨ ਸਿੰਘ ਬਾਰਨਵਾਲਿਆਂ ਨੇ ਦੱਸਿਆ ਕਿ ਸ. ਦਿਲਜੀਤ ਸਿੰਘ ਬੇਦੀ ਨੇ ਬੁੱਢਾ ਦਲ ਵਿਚ ਆ ਕੇ ਚੰਗੀਆਂ ਸੇਵਾਵਾਂ ਦਿੱਤੀਆਂ ਹਨ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਉਨ੍ਹਾਂ ਪਹਿਲਾਂ ਸ੍ਰੀ ਸਰਬਲੋਹ ਗ੍ਰੰਥ ਸਾਹਿਬ, ਫਿਰ ਵੱਖ-ਵੱਖ ਜਥੇਦਾਰ ਸਾਹਿਬਾਨਾਂ ਬਾਰੇ ਮੁਕੰਮਲ ਰੂਪ ਵਿਚ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਬਾਬਾ ਬਿਨੋਦ ਸਿੰਘ, ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਬਾਬਾ ਫੂਲਾ ਸਿੰਘ ਬਾਰੇ ਵੱਡ ਅਕਾਰੀ ਅਭਿਨੰਦਨ ਗ੍ਰੰਥ ਉਨ੍ਹਾਂ ਦੀ ਮਿਹਨਤ ਦਾ ਸਿੱਟਾ ਹਨ। ਪੁਸਤਕ ਰਿਲੀਜ਼ ਕਰਨ ਸਮੇਂ ਸ. ਦਿਲਜੀਤ ਸਿੰਘ ਬੇਦੀ, ਸੰਤ ਮਨਮੋਹਨ ਸਿੰਘ ਬਾਰਨਵਾਲੇ, ਸਿੰਘ ਸਾਹਿਬ ਗਿ. ਰਘੁਬੀਰ ਸਿੰਘ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਮੇਜਰ ਸਿੰਘ ਸੋਢੀ ਮੁਖੀ ਤਰਨਾ ਦਲ, ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਸ. ਇੰਦਰਬੀਰ ਸਿੰਘ ਨਿੱਜਰ, ਸ. ਹਰਪਾਲ ਸਿੰਘ ਆਹਲੂਵਾਲੀਆ, ਬਾਬਾ ਬਲਦੇਵ ਸਿੰਘ ਵੱਲਾ, ਸ. ਮਨਜੀਤ ਸਿੰਘ ਭੋਮਾ, ਭਾਈ ਮੋਹਕਮ ਸਿੰਘ, ਪ੍ਰਿੰ. ਕੁਲਵੰਤ ਸਿੰਘ ਅਣਖੀ, ਪ੍ਰਚਾਰਕ ਬਾਬਾ ਸੁਖਵਿੰਦਰ ਸਿੰਘ ਮੌਰ ਆਦਿ ਸ਼ਖ਼ਸੀਅਤਾਂ ਸ਼ਾਮਲ ਸਨ।