-18 ਸਾਲਾ ਜੂਲੀਅਟ ਲੈਮੌਰ ਦੀ ਲੱਗੀ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ
ਟੋਰਾਂਟੋ, 9 ਫਰਵਰੀ (ਪੰਜਾਬ ਮੇਲ)- ਜੂਲੀਅਟ ਲੈਮੌਰ (18) ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਦਰਅਸਲ, ਜੂਲੀਅਟ ਸਟੋਰ ਵਿਚ ਆਪਣੇ ਦਾਦੇ ਨਾਲ ਕੁਝ ਖਰੀਦਾਰੀ ਕਰਨ ਗਈ ਸੀ। ਇਥੇ ਉਸਦੇ ਦਾਦੇ ਨੇ ਉਸ ਦੇ 18ਵੇਂ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੂੰ ਲਾਟਰੀ ਟਿਕਟ ਖ਼ਰੀਦਣ ਦੀ ਸਲਾਹ ਦਿੱਤੀ, ਪਰ ਉਹ ਦੁਚਿੱਤੀ ਵਿਚ ਸੀ ਕਿ ਉਹ ਲਾਟਰੀ ਖਰੀਦੇ ਜਾਂ ਨਾ ਪਰ ਦਾਦੇ ਦੇ ਜ਼ੋਰ ਪਾਉਣ ‘ਤੇ ਉਸਨੇ ਲਾਟਰੀ ਦੀ ਟਿਕਟ ਖਰੀਦ ਲਈ ਅਤੇ ਭੁੱਲ ਗਈ।
ਇਕ ਦਿਨ ਉਸਦੇ ਦਫ਼ਤਰ ਵਿਚ ਕੰਮ ਕਰਦੇ ਕੁਝ ਲੋਕ ਲਾਟਰੀ ਟਿਕਟਾਂ ਬਾਰੇ ਚਰਚਾ ਕਰ ਰਹੇ ਸਨ। ਫਿਰ ਵੀ ਉਸ ਦਾ ਧਿਆਨ ਲਾਟਰੀ ਟਿਕਟ ਵੱਲ ਨਹੀਂ ਗਿਆ। ਫਿਰ ਉਸਨੇ ਇਕ ਅਖ਼ਬਾਰ ਵਿਚ ਖ਼ਬਰ ਦੇਖੀ ਜਿਸ ਵਿਚ ਲਾਟਰੀ ਟਿਕਟ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ। ਬਾਅਦ ਵਿਚ ਉਸ ਨੇ ਆਪਣੀ ਟਿਕਟ ਸਕਰੈਚ ਕੀਤੀ ਅਤੇ ਨਤੀਜਾ ਵੇਖ ਕੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਉਸਦੀ ਸਚਮੁੱਚ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ ਲੱਗ ਗਈ ਸੀ। ਭਾਰਤੀ ਕਰੰਸੀ ਮੁਤਾਬਕ ਇਹ ਰਕਮ 290 ਕਰੋੜ ਰੁਪਏ ਬਣਦੀ ਹੈ। ਲਾਟਰੀ ਮਿਲਣ ਮਗਰੋਂ ਉਸਨੇ ਆਪਣਾ ਚਾਰਟਰ ਪਲੇਨ , ਲੰਡਨ ਵਿਚ 40 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਅਤੇ ਇਕ ਮਰਸਡੀਜ਼ ਕਾਰ ਖਰੀਦੀ। ਉਸਦੇ ਕੋਲ ਹੁਣ 140 ਕਰੋੜ ਬਚੇ ਹਨ।