ਮਿਆਂਮਾਰ, 28 ਮਾਰਚ (ਪੰਜਾਬ ਮੇਲ)-ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ‘ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਦਹਿਸ਼ਤ ਵਿਚ ਆ ਗਏ ਅਤੇ ਘਰਾਂ ਤੇ ਦਫ਼ਤਰਾਂ ‘ਚੋਂ ਬਾਹਰ ਆ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਮਿਆਂਮਾਰ ਵਿਚ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਦੇ ਇਹ ਝਟਕੇ ਇੰਨੇ ਤੇਜ਼ ਸਨ ਕਿ ਇਸ ਦਾ ਅਸਰ ਦਿੱਲੀ-ਐੱਨ.ਸੀ.ਆਰ. ਤੱਕ ਮਹਿਸੂਸ ਕੀਤਾ ਗਿਆ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਵੀ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦੇ ਭੂਚਾਲ ਕਾਰਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਢਹਿ ਗਈ। ਕਈ ਉੱਚੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਉੱਥੇ ਹੀ ਕਈ ਲੋਕਾਂ ਦੇ ਮਾਰੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਮਿਆਂਮਾਰ ਨੇ ਭੂਚਾਲ ਦੀ ਵਜ੍ਹਾ ਤੋਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮਿਆਂਮਾਰ ਵਿਚ ਭੂਚਾਲ ਕਾਰਨ 20 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿਚ ਸੀ, ਜੋ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿਚ ਹੈ। ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਝਟਕਾ ਮਹਿਸੂਸ ਕੀਤਾ ਗਿਆ ਤਾਂ ਇਸ ਦੀ ਤੀਬਰਤਾ 7.2 ਮਾਪੀ ਗਈ। ਇਸ ਤੋਂ ਬਾਅਦ ਭੂਚਾਲ ਦਾ ਦੂਜਾ ਝਟਕਾ ਮਹਿਸੂਸ ਕੀਤੇ ਗਿਆ, ਜਿਸ ਦੀ ਤੀਬਰਤਾ 7 ਮਾਪੀ ਗਈ।
ਇਸ ਦੌਰਾਨ ਮਿਆਂਮਾਰ ਤੋਂ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਇਕ 90 ਸਾਲ ਪੁਰਾਣਾ ਪੁਲ ਵੀ ਟੁੱਟ ਕੇ ਤਬਾਹ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਪੁਲ ਦੇ ਟੁੱਟਣ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਭੂਚਾਲ ਕਾਰਨ ਤਬਾਹ ਹੋਇਆ ਮਿਆਂਮਾਰ ਦਾ ਇਹ ਸਾਗਾਇੰਗ ਪੁਲ ਸਾਲ 1934 ‘ਚ ਅੰਗਰੇਜ਼ਾਂ ਵੱਲੋਂ ਬਣਵਾਇਆ ਗਿਆ ਸੀ। ਸ਼ਕਤੀਸ਼ਾਲੀ ਭੂਚਾਲ ਕਾਰਨ ਇਹ 90 ਸਾਲ ਪੁਰਾਣਾ ਪੁਲ ਵੀ ਤਬਾਹ ਹੋ ਗਿਆ ਹੈ।
ਭੂਚਾਲ ਕਾਰਨ ਯੰਗੂਨ ਦੇ ਵਾਸੀ ਘਰਾਂ ਤੋਂ ਬਾਹਰ ਆ ਗਏ। ਮਿਆਂਮਾਰ ਦੀ ਰਾਜਧਾਨੀ ਨਏਪੀਤਾਵ ਵਿਚ ਭੂਚਾਲ ਕਾਰਨ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਿਆ, ਉਨ੍ਹਾਂ ਦੇ ਕੁਝ ਹਿੱਸੇ ਢਹਿ ਗਏ ਅਤੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਜਦੋਂ ਦੁਪਹਿਰ 1:30 ਵਜੇ ਦੇ ਕਰੀਬ ਬੈਂਕਾਕ ਵਿਚ ਭੂਚਾਲ ਆਇਆ, ਤਾਂ ਇਮਾਰਤਾਂ ਵਿਚ ਚਿਤਾਵਨੀ ਅਲਾਰਮ ਵੱਜਿਆ ਅਤੇ ਘਬਰਾਏ ਹੋਏ ਨਿਵਾਸੀ ਉੱਚੀਆਂ ਇਮਾਰਤਾਂ ਅਤੇ ਹੋਟਲਾਂ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਗਏ। ਬੈਂਕਾਕ ਖੇਤਰ 17 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਉੱਚੀਆਂ ਇਮਾਰਤਾਂ ਵਿਚ ਰਹਿੰਦੇ ਹਨ। ਭੂਚਾਲ ਕਾਰਨ ਬੈਂਕਾਕ ‘ਚ ਉੱਚੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਬਣੇ ਸਵੀਮਿੰਗ ਪੂਲ ‘ਚੋਂ ਪਾਣੀ ਬਾਹਰ ਆ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਆਏ 7.7 ਤੀਬਰਤਾ ਦੇ ਇਸ ਭੂਚਾਲ ਕਾਰਨ ਦੋਵਾਂ ਦੇਸ਼ਾਂ ‘ਚ ਕਈ ਉੱਚੀਆਂ-ਉੱਚੀਆਂ ਬਿਲਡਿੰਗਾਂ ਵੀ ਢਹਿ-ਢੇਰੀ ਹੋ ਗਈਆਂ ਹਨ। ਇਸ ਮੌਕੇ ਚਿੰਤਾ ਜ਼ਾਹਿਰ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਵਾਂ ਦੇਸ਼ਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਾਂ ਹਨ। ਇਹ ਪਲੇਟਾਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇਕ-ਦੂਜੇ ਨਾਲ ਟਕਰਾ ਜਾਂਦੀਆਂ ਹਨ, ਤਾਂ ਇਹ ਰਗੜ ਖਾਂਦੀਆਂ ਹਨ, ਤਾਂ ਜ਼ਮੀਨ ਹਿੱਲਣ ਲੱਗਦੀ ਹੈ। ਇਸ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਨੂੰ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਕਿਹਾ ਜਾਂਦਾ ਹੈ।
ਥਾਈਲੈਂਡ ਤੇ ਮਿਆਂਮਾਰ ‘ਚ ਸ਼ਕਤੀਸ਼ਾਲੀ ਭੂਚਾਲ ਨੇ ਮਚਾਈ ਤਬਾਹੀ; ਐਮਰਜੈਂਸੀ ਦਾ ਐਲਾਨ
