#OTHERS

ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ

-ਸਾਊਦੀ ਸਰਕਾਰ ਵੱਲੋਂ ਮਿਲੇ ਤੋਹਫਿਆਂ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਏ ਬਿਨਾਂ ਵੇਚ ਦਿੱਤਾ ਸੀ
ਇਸਲਾਮਾਬਾਦ, 22 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਤੋਸ਼ਾਖਾਨਾ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ‘ਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਰਕਾਰੀ ਤੋਹਫ਼ਿਆਂ ਵਿਚ ਕਥਿਤ ਧੋਖਾਧੜੀ ਨਾਲ ਸਬੰਧਤ ਹੈ। ਇਹ ਤੋਹਫੇ ਉਨ੍ਹਾਂ ਨੂੰ 2021 ਵਿਚ ਸਾਊਦੀ ਸਰਕਾਰ ਤੋਂ ਮਿਲੇ ਸਨ।
ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਰੁਖ ਅਰਜੁਮੰਦ ਨੇ ਰਾਵਲਪਿੰਡੀ ਦੀ ਉੱਚ-ਸੁਰੱਖਿਆ ਅਦਿਆਲਾ ਜੇਲ੍ਹ ਵਿਚ ਇਸ ਮਾਮਲੇ ਬਾਰੇ ਫੈਸਲਾ ਸੁਣਾਇਆ। ਖਾਨ ਅਤੇ ਬੁਸ਼ਰਾ ਨੂੰ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 409 ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਉਨ੍ਹਾਂ ਵਿਚੋਂ ਹਰੇਕ ‘ਤੇ 16.4 ਮਿਲੀਅਨ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਇਹ ਮਾਮਲਾ ਜੁਲਾਈ 2024 ਵਿਚ ਦਾਇਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਲੱਗੇ ਸਨ ਕਿ ਇਸ ਜੋੜੇ ਵਲੋਂ ਮਹਿੰਗੀਆਂ ਘੜੀਆਂ ਦੇ ਨਾਲ-ਨਾਲ ਹੀਰੇ ਅਤੇ ਸੋਨੇ ਦੇ ਗਹਿਣਿਆਂ ਦੇ ਸੈੱਟਾਂ ਸਮੇਤ ਕੀਮਤੀ ਚੀਜ਼ਾਂ ਨੂੰ ਤੋਸ਼ਾਖਾਨਾ (ਰਾਜ ਦੇ ਤੋਹਫ਼ੇ ਭੰਡਾਰ) ਵਿਚ ਜਮ੍ਹਾ ਕੀਤੇ ਬਿਨਾਂ ਵੇਚ ਦਿੱਤਾ ਗਿਆ ਸੀ।
ਇਸਲਾਮਾਬਾਦ ਹਾਈ ਕੋਰਟ ਨੇ ਅਕਤੂਬਰ 2024 ਵਿਚ ਬੁਸ਼ਰਾ ਨੂੰ ਇਸ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਸੀ ਅਤੇ ਇੱਕ ਮਹੀਨੇ ਬਾਅਦ ਖਾਨ ਨੂੰ ਵੀ ਇਸੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਗਈ ਸੀ। ਉਨ੍ਹਾਂ ‘ਤੇ ਪਿਛਲੇ ਸਾਲ ਦਸੰਬਰ ਵਿਚ ਦੋਸ਼ ਲਗਾਇਆ ਗਿਆ ਸੀ।