#OTHERS

ਤੁਰਕੀ ਤੇ ਸੀਰੀਆ ਭੂਚਾਲ: ਮ੍ਰਿਤਕਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ

– 50 ਹਜ਼ਾਰ ਤੋਂ ਵੀ ਵੱਧ ਸਕਦੈ ਮੌਤਾਂ ਦਾ ਅੰਕੜਾ!
– 92 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ;
– 131 ਉਸਾਰੀ ਠੇਕੇਦਾਰ ਹਿਰਾਸਤ ‘ਚ ਲਏ
ਅੰਤਾਕਿਆ (ਤੁਰਕੀ), 15 ਫਰਵਰੀ (ਪੰਜਾਬ ਮੇਲ)-ਦੱਖਣੀ ਪੱਛਮੀ ਤੁਰਕੀ ਅਤੇ ਉੱਤਰੀ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਕਰ ਗਈ ਹੈ, ਜਦਕਿ ਘੱਟੋ-ਘੱਟ 92,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹਨ। ਸੰਯੁਕਤ ਰਾਸ਼ਟਰ ਦੀ ਮਦਦ ਭੇਜਣ ਵਾਲੀ ਯੂਨਿਟ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ, ”ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 50,000 ਨੂੰ ਪਾਰ ਕਰ ਸਕਦੀ ਹੈ, ਜਿਵੇਂ-ਜਿਵੇਂ ਮਲਬਾ ਹਟਾਇਆ ਜਾਵੇਗਾ, ਲਾਸ਼ਾਂ ਬਰਾਮਦ ਕੀਤੀਆਂ ਜਾਣਗੀਆਂ। ਬਚਾਅ ਕਾਰਜ ਅੰਤਿਮ ਪੜਾਅ ‘ਤੇ ਹਨ ਪਰ ਸਾਨੂੰ ਇਹ ਨਹੀਂ ਪਤਾ ਕਿ ਇਸ ਨੂੰ ਕਦੋਂ ਰੋਕਿਆ ਜਾਣਾ ਚਾਹੀਦਾ ਹੈ।”
ਮਲਬੇ ਹੇਠੋਂ ਕੁਝ ਜਿਊਂਦੇ ਲੋਕਾਂ ਨੂੰ ਬਾਹਰ ਕੱਢਣ ਦੌਰਾਨ ਤੁਰਕੀ ਦੇ ਅਧਿਕਾਰੀਆਂ ਨੇ ਉਨ੍ਹਾਂ 131 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਾਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ, ਜਿਹੜੇ ਭੂਚਾਲ ਕਾਰਨ ਤਬਾਹ ਹੋਈਆਂ ਇਮਾਰਤਾਂ ਦੇ ਨਿਰਮਾਣ ਵਿਚ ਕਥਿਤ ਤੌਰ ‘ਤੇ ਸ਼ਾਮਲ ਸਨ।
ਉੱਧਰ ਮਲਬੇ ਵਿਚੋਂ ਕੁਝ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।
ਤੁਰਕੀ ਦੇ ਉੱਪ ਰਾਸ਼ਟਰਪਤੀ ਫੂਆਤ ਓਕਟੇ ਨੇ ਕਿਹਾ ਕਿ 131 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਇਮਾਰਤਾਂ ਢਹਿਣ ਲਈ ਜ਼ਿੰਮੇਵਾਰ ਹੋਣ ਦਾ ਸ਼ੱਕ ਹੈ। ਤੁਰਕੀ ਦੇ ਨਿਆਂ ਮੰਤਰੀ ਨੇ ਕਿਹਾ ਕਿ ਇਮਾਰਤਾਂ ਢਹਿਣ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਕੀਲਾਂ ਨੇ ਇਮਾਰਤਾਂ ਦੀ ਉਸਾਰੀ ਬਾਰੇ ਸਬੂਤਾਂ ਲਈ ਮਲਬੇ ਵਿਚ ਸੈਂਪਲ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਭੂਚਾਲ ਜ਼ਬਰਦਸਤ ਸੀ ਪਰ ਪੀੜਤਾਂ, ਮਾਹਿਰਾਂ ਅਤੇ ਤੁਰਕੀ ਦੇ ਲੋਕਾਂ ਵੱਲੋਂ ਇਸ ਭਾਰੀ ਤਬਾਹੀ ਪਿੱਛੇ ਘਟੀਆ ਉਸਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।  ਸਰਕਾਰੀ ਖਬਰ ਏਜੰਸੀ ‘ਅਨਾਦੋਲੂ’ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਨੇ ਗਾਜ਼ੀਆਂਤੇਪ ਸੂਬੇ ਵਿਚੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ‘ਤੇ ਇੱਕ ਇਮਾਰਤ ਵਿਚ ਵਾਧੂ ਕਮਰਾ ਬਣਾਉਣ ਲਈ ਪਿੱਲਰ ਕੱਟਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਇਸਤਾਂਬੁਲ ਹਵਾਈ ਅੱਡੇ ਤੋਂ ਸ਼ੁੱਕਰਵਾਰ ਇਕ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵਿਚ ਸੀ। ਉਸ ਨੇ ਹਾਤੇ ਸੂਬੇ ਦੇ ਅੰਤਾਕਿਆ ਸ਼ਹਿਰ ‘ਚ ਇਕ 12 ਮੰਜ਼ਿਲਾ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਵਾਈ ਸੀ, ਜਿਹੜੀ ਕਿ ਭੂਚਾਲ ਕਾਰਨ ਢਹਿ ਗਈ ਅਤੇ ਉਸ ਵਿਚ ਅਣਗਿਣਤ ਲੋਕ ਮਾਰੇ ਗਏ ਸਨ।

Leave a comment