#EUROPE

ਤੁਰਕੀ ‘ਚ ਪ੍ਰਵਾਸੀ ਨੂੰ ਲਿਜਾ ਰਹੀ ਬੇੜੀ ਡੁੱਬਣ ਕਾਰਨ 20 ਵਿਅਕਤੀਆਂ ਦੀ ਮੌਤ

ਅੰਕਾਰਾ, 16 ਮਾਰਚ (ਪੰਜਾਬ ਮੇਲ)- ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਰਬੜ ਨਾਲ ਬਣੀ ਡੋਂਗੀ (ਬੇੜੀ) ਤੁਰਕੀ ਦੇ ਉੱਤਰੀ ਏਜੀਅਨ ਤੱਟ ’ਤੇ ਸ਼ੁੱਕਰਵਾਰ ਨੂੰ ਡੁੱਬ ਗਈ। ਇਸ ਹਾਦਸੇ ’ਚ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਵਰਨਰ ਇਲਹਾਮੀ ਅਕਤਾਸ ਨੇ ਦੱਸਿਆ ਕਿ ਤੁਰਕੀ ਦੇ ਤੱਟ ਰੱਖਿਅਕ ਮੁਲਾਜ਼ਮਾਂ ਨੇ ਕਨਾਕੱਲੇ ਸੂਬੇ ਦੇ ਅਸੇਬਾਟ ਸ਼ਹਿਰ ਦੇ ਨੇੜੇ ਸਮੁੰਦਰ ਤੋਂ ਦੋ ਪ੍ਰਵਾਸੀਆਂ ਨੂੰ ਬਚਾਇਆ, ਜਦਕਿ ਦੋ ਹੋਰ ਆਪਣੇ ਆਪ ਹੀ ਕੰਢੇ ਤੱਕ ਪਹੁੰਚਣ ਵਿਚ ਕਾਮਯਾਬ ਰਹੇ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਜਦੋਂ ਬੇੜੀ ਡੁੱਬੀ ਤਾਂ ਉਸ ’ਚ ਕਿੰਨੇ ਵਿਅਕਤੀ ਸਵਾਰ ਸਨ ਅਤੇ ਤੱਟ ਰੱਖਿਅਕ ਬਲ ਇਲਾਕੇ ਦੀ ਤਲਾਸ਼ੀ ਲੈ ਰਹੇ ਹਨ। ਅਕਤਾਸ ਨੇ ਸਰਕਾਰੀ ਅਨਾਡੋਲੂ ਏਜੰਸੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿਚ ਚਾਰ ਬੱਚੇ ਸ਼ਾਮਲ ਹਨ। ਪ੍ਰਵਾਸੀਆਂ ਦੀ ਰਾਸ਼ਟਰੀਅਤਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਅਨਾਡੋਲੂ ਨੇ ਕਿਹਾ ਕਿ ਤੱਟ ਰੱਖਿਅਕਾਂ ਦੀਆਂ ਦਸ ਬੇੜੀਆਂ ਅਤੇ ਦੋ ਹੈਲੀਕਾਪਟਰ ਖੋਜ ਅਤੇ ਬਚਾਅ ਮੁਹਿੰਮ ਵਿਚ ਸ਼ਾਮਲ ਹਨ। ਨਜ਼ਦੀਕੀ ਬੰਦਰਗਾਹ ’ਤੇ ਕਈ ਐਂਬੂਲੈਂਸਾਂ ਨੂੰ ਤਿਆਰ ਅਵਸਥਾ ’ਤੇ ਰੱਖਿਆ ਗਿਆ ਹੈ।