-ਭਾਰਤ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਸਮਾਗਮ ‘ਚ ਹੋਏ ਸ਼ਾਮਲ
ਢਾਕਾ, 18 ਫਰਵਰੀ (ਪੰਜਾਬ ਮੇਲ)- ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਰਹਿਮਾਨ ਸਰਕਾਰ ਦੇ ਹੋਂਦ ਵਿਚ ਆਉਣ ਨਾਲ ਮੁਹੰਮਦ ਯੂਨਸ ਦੀ ਅਗਵਾਈ ਵਾਲੀ 18 ਮਹੀਨੇ ਪੁਰਾਣੀ ਅੰਤਰਿਮ ਸਰਕਾਰ ਦਾ ਭੋਗ ਪੈ ਗਿਆ, ਜਿਸ ਨੇ ਅਗਸਤ 2024 ਵਿਚ ਸ਼ੇਖ ਹਸੀਨਾ ਸਰਕਾਰ ਡਿੱਗਣ ਮਗਰੋਂ ਮੁਲਕ ਦੀ ਕਮਾਨ ਸੰਭਾਲੀ ਸੀ।
ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ 60 ਸਾਲਾ ਰਹਿਮਾਨ ਨੂੰ ਪੁਰਾਣੀ ਰਵਾਇਤ ਦੇ ਉਲਟ ਬੰਗਾਭਵਨ ਦੀ ਥਾਂ ਜਾਤੀਆ ਸੰਸਦ ਦੇ ਸਾਊਥ ਪਲਾਜ਼ਾ ਵਿਚ ਅਹੁਦੇ ਦਾ ਹਲਫ਼ ਦਿਵਾਇਆ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਤੇ ਮਰਹੂਮ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਪੁੱਤਰ ਰਹਿਮਾਨ ਦੀ ਦੋ ਮਹੀਨੇ ਪਹਿਲਾਂ ਦੇਸ਼ ਵਿਚ ਵਾਪਸੀ ਹੋਈ ਹੈ। ਉਸ ਨੇ 17 ਸਾਲ ਲੰਡਨ ਵਿਚ ਸਵੈ-ਜਲਾਵਤਨੀ ਹੰਢਾਈ। ਇਸ ਤੋਂ ਪਹਿਲਾਂ ਰਹਿਮਾਨ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੇ ਕਾਨੂੰਨਘਾੜਿਆਂ ਵੱਲੋਂ ਸੰਸਦੀ ਦਲ ਦਾ ਆਗੂ ਚੁਣਿਆ ਗਿਆ।
ਰਾਸ਼ਟਰਪਤੀ ਸ਼ਹਾਬੂਦੀਨ ਨੇ ਹਲਫ਼ਦਾਰੀ ਸਮਾਗਮ ਦੌਰਾਨ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਵੀ ਸਹੁੰ ਚੁਕਾਈ। ਸਮਾਗਮ ਵਿਚ ਭਾਰਤ ਤੇ ਪਾਕਿਸਤਾਨ ਸਣੇ ਗੁਆਂਢੀ ਮੁਲਕਾਂ ਦੇ ਕਈ ਆਗੂ ਸ਼ਾਮਲ ਹੋਏ। ਭਾਰਤ ਦੀ ਨੁਮਾਇੰਦਗੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤੀ। ਇਸ ਮੌਕੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਬੀ.ਐੱਨ.ਪੀ. ਨੇ ਪਿਛਲੇ ਦਿਨੀਂ ਆਮ ਚੋਣਾਂ ਵਿਚ 297 ‘ਚੋਂ 209 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ; ਸੱਜੇ ਪੱਖੀ ਜਮਾਤ-ਏ-ਇਸਲਾਮੀ ਦੀ ਝੋਲੀ 68 ਸੀਟਾਂ ਪਈਆਂ ਸਨ।
ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
