ਨਿਊਯਾਰਕ, 7 ਮਾਰਚ (ਪੰਜਾਬ ਮੇਲ)- 2008 ਦੇ ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਭਾਰਤ ਹਵਾਲਗੀ ਰੋਕਣ ਦੀ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਜੱਜ ਏਲੇਨਾ ਕਾਗਨ ਨੇ ਤਹਵੁਰ ਰਾਣਾ ਦੀ ਭਾਰਤ ਹਵਾਲਗੀ ਰੋਕਣ ਦੀ ਪਟੀਸ਼ਨ ਰੱਦ ਕਰ ਦਿੱਤੀ। 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੇ ਭਾਰਤ ਹਵਾਲਗੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ। ਰਾਣਾ (64) ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿਚ ਬੰਦ ਹੈ।
ਰਾਣਾ ਨੇ ਅਮਰੀਕੀ ਸੁਪਰੀਮ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਹਵਾਲਗੀ ‘ਤੇ ਐਮਰਜੈਂਸੀ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਤਹਵੁੱਰ ਰਾਣਾ ਨੇ ਕਿਹਾ ਸੀ ਕਿ ਜੇਕਰ ਮੈਨੂੰ ਭਾਰਤ ਹਵਾਲਗੀ ਦਿੱਤੀ ਗਈ ਤਾਂ ਮੈਨੂੰ ਤਸੀਹੇ ਦਿੱਤੇ ਜਾਣਗੇ। ਮੈਂ ਭਾਰਤ ਵਿਚ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿ ਸਕਾਂਗਾ। ਰਾਣਾ ਨੇ ਅਮਰੀਕੀ ਅਦਾਲਤ ਸਾਹਮਣੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਸਨੂੰ ਭਾਰਤ ਵਿਚ ਬਹੁਤ ਪ੍ਰੇਸ਼ਾਨ ਕੀਤਾ ਜਾਵੇਗਾ ਕਿਉਂਕਿ ਉਹ ਪਾਕਿਸਤਾਨੀ ਮੂਲ ਦਾ ਮੁਸਲਮਾਨ ਹੈ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਤੇਜ਼ੀ ਨਾਲ ਤਾਨਾਸ਼ਾਹੀ ਹੁੰਦੀ ਜਾ ਰਹੀ ਹੈ ਅਤੇ ਇਸ ਗੱਲ ਦੇ ਕਾਫ਼ੀ ਕਾਰਨ ਹਨ ਕਿ ਜੇਕਰ ਉਸਨੂੰ ਭਾਰਤ ਸਰਕਾਰ ਦੇ ਹਵਾਲੇ ਕੀਤਾ ਜਾਂਦਾ ਹੈ, ਤਾਂ ਉਸਨੂੰ ਤਸੀਹੇ ਦਿੱਤੇ ਜਾਣਗੇ। ਤਹੱਵੁਰ ਰਾਣਾ ਨੇ ਇਹ ਵੀ ਕਿਹਾ ਸੀ ਕਿ ਉਹ ਕਈ ਬਿਮਾਰੀਆਂ ਤੋਂ ਪੀੜਤ ਹੈ। ਉਹ ਪਾਰਕਿੰਸਨ’ਸ ਤੋਂ ਵੀ ਪੀੜਤ ਹੈ। ਉਸ ਨੂੰ ਅਜਿਹੀ ਜਗ੍ਹਾ ਨਹੀਂ ਭੇਜਿਆ ਜਾਣਾ ਚਾਹੀਦਾ, ਜਿੱਥੇ ਉਸ ਨੂੰ ਰਾਸ਼ਟਰੀ, ਧਾਰਮਿਕ ਅਤੇ ਸੱਭਿਆਚਾਰਕ ਆਧਾਰ ‘ਤੇ ਨਿਸ਼ਾਨਾ ਬਣਾਇਆ ਜਾਵੇ।
ਤਹੱਵੁਰ ਰਾਣਾ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ। ਉਸਨੇ ਆਰਮੀ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਅਤੇ 10 ਸਾਲ ਪਾਕਿਸਤਾਨ ਆਰਮੀ ਵਿਚ ਡਾਕਟਰ ਵਜੋਂ ਕੰਮ ਕੀਤਾ। ਪਰ ਤਹੱਵੁਰ ਰਾਣਾ ਨੂੰ ਉਸਦਾ ਕੰਮ ਪਸੰਦ ਨਹੀਂ ਆਇਆ ਅਤੇ ਉਸਨੇ ਇਹ ਨੌਕਰੀ ਛੱਡ ਦਿੱਤੀ। ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਤਹੱਵੁਰ ਰਾਣਾ ਇਸ ਸਮੇਂ ਕੈਨੇਡੀਅਨ ਨਾਗਰਿਕ ਹੈ। ਪਰ ਹਾਲ ਹੀ ਵਿਚ ਉਹ ਸ਼ਿਕਾਗੋ ਦਾ ਨਿਵਾਸੀ ਸੀ, ਜਿੱਥੇ ਉਸਦਾ ਇੱਕ ਕਾਰੋਬਾਰ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਸਨੇ ਕੈਨੇਡਾ, ਪਾਕਿਸਤਾਨ, ਜਰਮਨੀ ਅਤੇ ਇੰਗਲੈਂਡ ਵਿਚ ਯਾਤਰਾ ਕੀਤੀ ਹੈ ਅਤੇ ਰਿਹਾ ਹੈ ਅਤੇ ਲਗਭਗ 7 ਭਾਸ਼ਾਵਾਂ ਬੋਲ ਸਕਦਾ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ 2006 ਤੋਂ ਨਵੰਬਰ 2008 ਤੱਕ ਤਹਵੁੱਰ ਰਾਣਾ ਨੇ ਡੇਵਿਡ ਹੈਡਲੀ ਅਤੇ ਹੋਰਾਂ ਨਾਲ ਪਾਕਿਸਤਾਨ ਵਿਚ ਸਾਜ਼ਿਸ਼ ਰਚੀ।
ਇਸ ਸਮੇਂ ਦੌਰਾਨ ਤਹੱਵੁਰ ਰਾਣਾ ਨੇ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਹਰਕਤ ਉਲ ਜੇਹਾਦ ਏ ਇਸਲਾਮੀ ਦੀ ਮਦਦ ਕੀਤੀ ਅਤੇ ਮੁੰਬਈ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਅਤੇ ਇਸਨੂੰ ਅੰਜਾਮ ਦੇਣ ਵਿਚ ਮਦਦ ਕੀਤੀ। ਅੱਤਵਾਦੀ ਹੈਡਲੀ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਿਆ ਹੈ। ਇੱਥੇ ਦੱਸ ਦਈਏ ਕਿ 26 ਨਵੰਬਰ 2008 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਲਈ 200 ਐੱਨ.ਐੱਸ.ਜੀ. ਕਮਾਂਡੋ ਅਤੇ 50 ਫੌਜ ਦੇ ਕਮਾਂਡੋ ਮੁੰਬਈ ਭੇਜੇ ਗਏ ਸਨ। ਇਸ ਤੋਂ ਇਲਾਵਾ ਪੰਜ ਫੌਜ ਦੀਆਂ ਟੁਕੜੀਆਂ ਵੀ ਉੱਥੇ ਤਾਇਨਾਤ ਕੀਤੀਆਂ ਗਈਆਂ ਸਨ। ਹਮਲੇ ਦੌਰਾਨ ਜਲ ਸੈਨਾ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਸੀ।
ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ, ਅਮਰੀਕੀ ਸੁਪਰੀਮ ਕੋਰਟ ਵੱਲੋਂ ਅਰਜ਼ੀ ਰੱਦ
