#PUNJAB

ਤਰਨ ਤਾਰਨ ਜ਼ਿਮਨੀ ਚੋਣ: ਸਾਰੀਆਂ ਸਿਆਸੀ ਪਾਰਟੀਆਂ ਲਾ ਰਹੀਆਂ ਨੇ ਅੱਡੀ-ਚੋਟੀ ਦਾ ਜੋਰ

ਤਰਨ ਤਾਰਨ, 12 ਅਕਤੂਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਤਰਨ ਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਐਲਾਨ ਮਗਰੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪ੍ਰਮੁੱਖ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਤਰਨ ਤਾਰਨ ਦੀ ਸੀਟ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਹੈ। 

ਅਗਾਮੀ ਚੋਣਾਂ ਤੋਂ ਪਹਿਲਾਂ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਜਿੱਤਣ ਲਈ ਸਾਰੀਆਂ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਪੰਜਾਬ ’ਚ ਆਏ ਭਿਆਨਕ ਹੜ੍ਹਾਂ ਦਾ ਪਰਛਾਵਾਂ ਵੀ ਜ਼ਿਮਨੀ ਚੋਣ ’ਤੇ ਪਵੇਗਾ। ਬੇਸ਼ੱਕ ਤਰਨ ਤਾਰਨ ਹਲਕਾ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਪਰ ਪੰਜਾਬ ’ਚ ਕੁਦਰਤੀ ਆਫ਼ਤ ਵੱਲੋਂ ਮਚਾਈ ਤਬਾਹੀ ਦਾ ਸਿਆਸੀ ਅਸਰ ਜ਼ਿਮਨੀ ਚੋਣ ’ਤੇ ਪੈਣ ਦੀ ਸੰਭਾਵਨਾ ਹੈ।

ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮਨਦੀਪ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਮਨਦੀਪ ਸਿੰਘ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦਾ ਭਰਾ ਹੈ। ਸੰਨੀ ਖ਼ਿਲਾਫ਼ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦਾ ਦੋਸ਼ ਹੈ।

ਤਰਸੇਮ ਸਿੰਘ ਅਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਮੁੱਚੀ ਕੌਮ ਦੀਆਂ ਭਾਵਨਾਵਾਂ ਅਤੇ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਉਮੀਦਵਾਰ ਐਲਾਨਿਆ ਹੈ।

ਅਕਾਲੀ ਦਲ ਲਈ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ’ਚ ਕਾਰਗੁਜ਼ਾਰੀ ਦਿਖਾਉਣਾ ‘ਕਰੋ ਜਾਂ ਮਰੋ’ ਵਾਂਗ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਹਮਲਾਵਰ ਮੁਹਿੰਮ ਚਲਾਉਣ ਦੇ ਰੌਂਅ ਹੈ ਅਤੇ ਪਾਰਟੀ ਵੱਲੋਂ ਪੂਰੀ ਤਾਕਤ ਝੋਕੀ ਜਾਣੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜੁਲਾਈ ’ਚ ਹੀ ਉਮੀਦਵਾਰ ਐਲਾਨ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੀ ਮੁਹਿੰਮ ਭਖਾਉਣ ’ਚ ਕਾਫ਼ੀ ਸਰਗਰਮ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੀੜਤਾਂ ਨੂੰ ਤੇਲ ਅਤੇ ਨਕਦੀ ਵੰਡ ਕੇ ਆਪਣੀ ਸਿਆਸੀ ਭੱਲ ਬਣਾਉਣ ਲਈ ਯਤਨ ਕੀਤੇ।

ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ, ਜੋ ਸ਼੍ਰੋਮਣੀ ਅਕਾਲੀ ਦਲ ਚੋਂ ‘ਆਪ’ ’ਚ ਆਏ ਹਨ। ਸੰਧੂ ਨੇ ਸਾਲ 2007 ਅਤੇ 2012 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ। ਸਾਲ 2022 ਦੀ ਚੋਣ ’ਚ ਉਹ ‘ਆਪ’ ਉਮੀਦਵਾਰ ਤੋਂ ਹਾਰ ਗਏ ਸਨ। ਵਿਧਾਨ ਸਭਾ ’ਚ ‘ਆਪ’ ਦੇ ਇਸ ਵੇਲੇ 93 ਵਿਧਾਇਕ ਹਨ। ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ਪੰਜਾਬ ਕਾਂਗਰਸ ਦੀ ਪਾਟੋਧਾੜ ਜਾਂ ਏਕਤਾ ਦਾ ਅਸਰ ਨਜ਼ਰ ਆਵੇਗਾ। ਕਾਂਗਰਸ ਪਾਰਟੀ ਨੇ ਇਸ ਜ਼ਿਮਨੀ ਚੋਣ ’ਚ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਹੈ, ਜੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਮਝੇ ਜਾਂਦੇ ਹਨ। ਕਰਨਬੀਰ ਸਿੰਘ ਬੁਰਜ ਸਿਆਸੀ ਤੌਰ ’ਤੇ ਹਲਕੇ ’ਚ ਬਹੁਤੇ ਪਛਾਣੇ ਚਿਹਰੇ ਨਹੀਂ ਹਨ।

ਭਾਜਪਾ ਨੇ ਹਰਜੀਤ ਸਿੰਘ ਸੰਧੂ ’ਤੇ ਟੇਕ ਲਾਈ ਹੈ। ਪਰ ਇਸ ਪੰਥਕ ਪ੍ਰਭਾਵ ਵਾਲੇ ਪੇਂਡੂ ਖੇਤਰ ਵਿੱਚ ਭਾਜਪਾ ਨੂੰ ਕਿੰਨਾ ਕੁ ਹੁੰਗਾਰਾ ਮਿਲੇਗਾ ਇਹ ਤਾਂ ਸਮਾਂ ਹੀ ਦੱਸੇਗਾ। ਤਰਨ ਤਾਰਨ ਹਲਕਾ ਜ਼ਿਆਦਾ ਪੇਂਡੂ ਪ੍ਰਭਾਵ ਵਾਲਾ ਹੈ। ਹਲਕੇ ’ਚ ਕੁੱਲ 1.93 ਲੱਖ ਵੋਟਰ ਹਨ, ਜਿਨ੍ਹਾਂ ’ਚੋਂ 1.01 ਲੱਖ ਪੁਰਸ਼ ਵੋਟਰ ਅਤੇ 92,240 ਔਰਤ ਵੋਟਰ ਹਨ। ਹਲਕੇ ’ਚ ਕੁੱਲ 222 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 60 ਸ਼ਹਿਰੀ ਬੂਥ ਅਤੇ 122 ਦਿਹਾਤੀ ਬੂਥ ਹਨ। ਤਰਨ ਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਵੋਟ ਫ਼ੈਸਲਾਕੁਨ ਸਾਬਤ ਹੋਵੇਗੀ। ਤਰਨ ਤਾਰਨ ਹਲਕਾ ਪੰਥਕ ਸੋਚ ਵਾਲਾ ਮੰਨਿਆ ਜਾਂਦਾ ਹੈ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਤਰਨ ਤਾਰਨ ਦਾ ਇਲਾਕਾ ਸਰਹੱਦ ਨਾਲ ਲੱਗਦਾ ਹੋਣ ਕਰ ਕੇ ਵਧੇਰੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤੇ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਦਾ ਵੀ ਨਿਬੇੜਾ ਕੀਤਾ ਜਾਵੇ। ਪੋਲਿੰਗ ਬੂਥਾਂ, ਗਿਣਤੀ ਕਰਨ ਵਾਲੇ ਹਾਲ ਅਤੇ ਸਟਰਾਂਗ ਰੂਮ ਵਿੱਚ ਢੁਕਵੇਂ ਪ੍ਰਬੰਧ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ।