#PUNJAB

ਤਰਨਤਾਰਨ ‘ਚ ਔਰਤ ਦੀ ਕੁੱਟਮਾਰ ਤੇ ਅਰਧ-ਨਗਨ ਕਰਕੇ ਗਲੀ ਵਿਚ ਜ਼ਬਰਨ ਘੁਮਾਉਣ ਦੇ ਦੋਸ਼ ‘ਚ ਔਰਤ ਸਮੇਤ 4 ਦੋਸ਼ੀ arrest

ਚੰਡੀਗੜ੍ਹ/ਤਰਨਤਾਰਨ, 6 ਅਪ੍ਰੈਲ (ਪੰਜਾਬ ਮੇਲ)- ਇੱਕ ਔਰਤ ਦੀ ਕੁੱਟਮਾਰ ਕਰਕੇ ਉਸਨੂੰ ਅਰਧ-ਨਗਨ ਹਾਲਤ ਵਿਚ ਪਿੰਡ ਵਲਟੋਹਾ ਦੀ ਗਲੀ ਵਿਚ ਜ਼ਬਰਨ ਘੁੰਮਾਉਣ ਦੇ ਦੋਸ਼ ਵਿਚ ਤਰਨਤਾਰਨ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ ਐੱਸ.ਐੱਸ.ਪੀ. ਤਰਨਤਾਰਨ ਅਸ਼ਵਨੀ ਕਪੂਰ ਨੇ ਦਿੱਤੀ।
ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ ਅਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਜੀਵਨ ਨਗਰ ਵਲਟੋਹਾ ਅਤੇ ਸੰਨੀ ਵਾਸੀ ਪਿੰਡ ਅਬਾਦੀ ਅਮਰਕੋਟ ਅਮੀਰਕੇ, ਤਰਨਤਾਰਨ ਵਜੋਂ ਹੋਈ ਹੈ।
ਇਹ ਘਟਨਾ 31 ਮਾਰਚ ਦੀ ਸ਼ਾਮ ਨੂੰ ਵਾਪਰੀ। ਦੱਸਣਯੋਗ ਹੈ ਕਿ ਲਗਭਗ ਇੱਕ ਮਹੀਨਾ ਪਹਿਲੋਂ ਪੀੜਤਾ ਦਾ ਲੜਕਾ ਇਕ ਔਰਤ ਨਾਲ ਫਰਾਰ ਹੋ ਗਿਆ ਸੀ ਅਤੇ ਪਰਿਵਾਰ ਦੀ ਮਰਜ਼ੀ ਦੇ ਉਲਟ ਉਸਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਸੀ।
ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਪੀੜਤਾ ਆਪਣੇ ਘਰ ਇਕੱਲੀ ਸੀ ਤੇ ਕੁਲਵਿੰਦਰ ਕੌਰ (ਫਰਾਰ ਹੋਈ ਲੜਕੀ ਦੀ ਮਾਂ) ਗੁਰਚਰਨ, ਸ਼ਰਨਜੀਤ, ਸੰਨੀ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ, ਉਕਤ ਪ੍ਰੇਮ-ਵਿਆਹ ਦਾ ਬਦਲਾ ਲੈਣ ਲਈ ਉਸਦੇ ਘਰ ਆਏ ਅਤੇ ਗਾਲੀ-ਗਲੋਚ ਕਰਨ ਲੱਗੇ। ਬਾਅਦ ਵਿਚ ਉਨ੍ਹਾਂ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਕਥਿਤ ਘਟਨਾ ਦੀ ਵੀਡੀਓ, ਜਿਸ ਵਿਚ ਇੱਕ ਔਰਤ ਨੂੰ ਅਰਧ-ਨਗਨ ਹਾਲਤ ਵਿਚ ਗਲੀ ਵਿਚ ਜਬਰਨ ਘੁਮਾਇਆ ਗਿਆ ਸੀ, ਨੂੰ ਵੀ ਮੁਲਜ਼ਮਾਂ ਨੇ ਵਾਇਰਲ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਸ ਸਬੰਧੀ ਤਰਨਤਾਰਨ ਦੇ ਥਾਣਾ ਵਲਟੋਹਾ ਵਿਖੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354, 354-2, 354-4, 323 ਅਤੇ 149 ਦੇ ਤਹਿਤ ਐੱਫ.ਆਈ.ਆਰ. ਨੰਬਰ 20 ਮਿਤੀ 3/4/2024 ਅਧੀਨ ਕੇਸ ਪਹਿਲਾਂ ਹੀ ਦਰਜ ਕੀਤਾ ਗਿਆ ਸੀ। ਬਾਅਦ ਵਿਚ ਪੁਲਿਸ ਵੱਲੋਂ ਉਕਤ ਐੱਫ.ਆਈ.ਆਰ. ਵਿਚ ਆਈ.ਟੀ. ਐਕਟ ਦੀ ਧਾਰਾ 67 ਅਤੇ 67-ਏ ਵੀ ਜੋੜੀ ਗਈ ਹੈ।