#PUNJAB

‘ਡੌਂਕੀ’ ਲਾ ਕੇ ਕੈਨੇਡਾ ਜਾਂਦੇ ਨੌਜਵਾਨ ਦੀ ਰਸਤੇ ‘ਚ ਹੋਈ ਮੌਤ

-ਹੁਣ ਪੁਲਸ ਵੱਲੋਂ ਏਜੰਟ ਖਿਲਾਫ ਪਰਚਾ ਦਰਜ
ਡੇਰਾਬਸੀ, 24 ਫਰਵਰੀ (ਪੰਜਾਬ ਮੇਲ)- ਬੀਤੇ ਦਿਨੀਂ ਡੌਂਕੀ ਲਾ ਕੇ ਕੈਨੇਡਾ ਜਾ ਰਹੇ ਪਿੰਡ ਸੇਖਪੁਰ ਕਲਾਂ ਦੇ ਨੌਜਵਾਨ ਦੀ ਮੌਤ ਮਾਮਲੇ ‘ਚ ਪੁਲਿਸ ਨੇ ਏਜੰਟ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਕਰਮ ਸਿੰਘ ਵਾਸੀ ਪਿੰਡ ਬਬਿਆਲ ਅੰਬਾਲਾ ਵਜੋਂ ਹੋਈ ਹੈ।
ਸ਼ਿਕਾਇਤ ‘ਚ ਰਵੀ ਕੁਮਾਰ ਵਾਸੀ ਪਿੰਡ ਸੇਖਪੁਰ ਕਲਾਂ ਨੇ ਦੱਸਿਆ ਕਿ ਉਸ ਦਾ ਛੋਟੇ ਭਰਾ ਰਣਦੀਪ ਸਿੰਘ (22) ਨੇ ਅੱਠਵੀਂ ਤੱਕ ਪੜ੍ਹਾਈ ਕੀਤੀ ਸੀ। ਉਸ ਨੂੰ ਕੈਨੇਡਾ ਭੇਜਣ ਲਈ ਏਜੰਟ ਵਿਕਰਮ ਸਿੰਘ ਨੇ 22 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਰਿਸ਼ਤੇਦਾਰ ਹੋਣ ਕਰਕੇ ਭਰੋਸਾ ਕਰ ਲਿਆ ਤੇ ਪੈਸੇ ਦੇ ਦਿੱਤੇ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਤੇ ਉਸ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਕਿਸੇ ਤਰ੍ਹਾਂ ਉਸ ਨੇ ਕਰਜ਼ਾ ਲੈ ਕੇ ਰੁਪਇਆਂ ਦਾ ਪ੍ਰਬੰਧ ਕੀਤਾ। ਇਸ ਦੌਰਾਨ ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਜਾਰੀ ਕੀਤਾ, ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਆਏ ਸਨ, ਜਿਸ ਕਾਰਨ ਏਜੰਟ ਉਸ ਨੂੰ ਲਗਭਗ 6 ਮਹੀਨਿਆਂ ਤੱਕ ਗੈਰ-ਕਾਨੂੰਨੀ ਤੌਰ ‘ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਘੁੰਮਾਉਦਾ ਰਿਹਾ ਅਤੇ ਉਸ ਨੂੰ ਅਮਰੀਕਾ ਲਿਜਾਣ ਦੀ ਝੂਠੀ ਉਮੀਦ ਦਿੰਦਾ ਰਿਹਾ।
ਇਸ ਦੌਰਾਨ ਉਹ ਅਚਾਨਕ ਬਿਮਾਰ ਹੋ ਗਿਆ, ਤਾਂ ਏਜੰਟ ਨੇ ਹੋਰ ਪੈਸੇ ਮੰਗੇ। ਬਿਮਾਰੀ ਕਾਰਨ ਹਾਲਤ ਵਿਗੜਨ ਮਗਰੋਂ ਸ਼ਨੀਵਾਰ ਨੂੰ ਉਸ ਦੇ ਭਰਾ ਦੀ ਕੰਬੋਡੀਆ ‘ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਰਣਦੀਪ ਦੀ ਮੌਤ ਦਾ ਜ਼ਿੰਮੇਵਾਰ ਏਜੰਟ ਵਿਕਰਮ ਸਿੰਘ ਹੈ।