ਹੁਸ਼ਿਆਰਪੁਰ, 1 ਨਵੰਬਰ, (ਪੰਜਾਬ ਮੇਲ)- ਅਮਰੀਕਾ ਤੋਂ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਗੋਹਾਟਾ ਮਾਲਾ ਵਿਚ ਪੰਜਾਬੀ ਨੌਜਵਾਨ ਸਣੇ 2 ਨੌਜਵਾਨਾਂ ਫਿਰੌਤੀ ਨਾ ਮਿਲਣ ਕਰਕੇ ਡੌਂਕਰਾਂ ਨੇ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਕ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਮੋਰੀਆਂ ਨਾਲ ਸਬੰਧਤ ਹੈ ਜਦਕਿ ਇਕ ਹਰਿਆਣਾ ਨਾਲ ਸਬੰਧਤ ਹੈ। ਮ੍ਰਿਤਕਾਂ ਦੀ ਪਛਾਣ ਸਾਹਿਬ ਸਿੰਘ ਵਾਸੀ ਦਸੂਹਾ ਪਿੰਡ ਮੋਰੀਆਂ ਅਤੇ ਨੌਜਵਾਨ ਯੁਵਰਾਜ ਸਿੰਘ ਵਾਸੀ ਹਰਿਆਣਾ ਵਜੋਂ ਹੋਈ ਹੈ। ਦੋਵੇਂ ਨੌਜਵਾਨ ਅਕਤੂਬਰ 2024 ਵਿਚ ਚੰਗੇ ਭਵਿੱਖ ਖਾਤਿਰ ਅਮਰੀਕਾ ਲਈ ਨਿਕਲੇ ਸਨ। ਸਾਹਿਬ ਦੇ ਪਿਤਾ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਘਰੇਲੂ ਗਹਿਣੇ ਵੇਚ ਦਿੱਤੇ। ਜਾਣਕਾਰੀ ਦਿੰਦੇ ਹੋਏ ਸਾਹਿਬ ਦੇ ਜੀਜਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਾਹਿਬ ਗੋਵਾਟਾ ਮਾਲਾ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਅਤੇ ਹੋਰ ਨੌਜਵਾਨਾਂ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਬਣਾਈ ਅਤੇ 20 ਹਜ਼ਾਰ ਡਾਲਰ ਫਿਰੌਤੀ ਵਸੂਲਣ ਲਈ ਉਨ੍ਹਾਂ ਨੂੰ ਭੇਜ ਦਿੱਤੀ। ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੇ ਸਾਹਿਬ ਅਤੇ ਉਸ ਦੇ ਨਾਲ ਹੋਰ ਨੌਜਵਾਨ ਯੁਵਰਾਜ ਦਾ ਕਤਲ ਕਰ ਦਿੱਤਾ। ਸਾਨੂੰ ਕੁਝ ਦਿਨ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ। ਪਰਿਵਾਰ ਦਾ ਕਹਿਣਾ ਹੈ ਕਿ ਕੁੱਲ੍ਹ 45 ਲੱਖ ਰੁਪਏ ਅਸੀਂ ਏਜੰਟਾਂ ਨੂੰ ਦਿੱਤੇ ਪਰ ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਏਜੰਟਾਂ ਨੇ ਸਾਨੂੰ ਕਿਹਾ ਸੀ ਕਿ ਇਕ ਨੰਬਰ ਵਿਚ ਸਾਹਿਬ ਨੂੰ ਅਮਰੀਕਾ ਪਹੁੰਚਾਉਣਗੇ। ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਏਜੰਟਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਡੌਂਕਰਾਂ ਨੇ ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਗੋਲ਼ੀਆਂ ਮਾਰ ਕੀਤਾ ਕਤਲ

