ਸੈਕਰਾਮੈਂਟੋ, 17 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਸਾਬਕਾ ਸਾਂਸਦ ਡੈਵਿਨ ਨੂਨਸ ਜੋ ਟਰੰਪ ਦੇ ਟਰੁੱਥ ਸੋਸ਼ਲ ਮੀਡੀਆ ਦੇ ਸੀ.ਈ.ਓ. ਹਨ, ਨੂੰ ਰਾਸ਼ਟਰਪਤੀ ਦੇ ਇੰਟੈਲੀਜੈਂਸ ਸਲਾਹਕਾਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਟਰੰਪ ਨੇ ਇਹ ਜਾਣਕਾਰੀ ਟਰੁੱਥ ਸੋਸ਼ਲ ਮੀਡੀਆ ਉਪਰ ਜਾਰੀ ਇਕ ਬਿਆਨ ‘ਚ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, ਨੂਨਸ ਜਿਨ੍ਹਾਂ ਨੇ ਮੇਰੇ ਪਹਿਲੇ ਕਾਰਜਕਾਲ ਦੌਰਾਨ ਅਮਰੀਕੀ ਪ੍ਰਤੀਨਿੱਧ ਸਦਨ ਦੀ ਇੰਟੈਲੀਜੈਂਸ ਕਮੇਟੀ ਦੀ ਅਗਵਾਈ ਕੀਤੀ ਸੀ, ਸਲਾਹਕਾਰ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦਿਆਂ ਟਰੁੱਥ ਸੋਸ਼ਲ ਦੇ ਸੀ.ਈ.ਓ. ਵੀ ਬਣੇ ਰਹਿਣਗੇ। ਇੰਟੈਲੀਜੈਂਸ ਕਮੇਟੀ ਦੇ ਪ੍ਰਧਾਨ ਵਜੋਂ ਨੂਨਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਦਖਲਅੰਦਾਜ਼ੀ ਦੇ ਮੁੱਦੇ ‘ਤੇ ਟਰੰਪ ਦੀ ਜ਼ੋਰਦਾਰ ਢੰਗ ਨਾਲ ਪੈਰਵਾਈ ਕੀਤੀ ਸੀ ਤੇ ਉਸ ਨੇ ਦੋਸ਼ ਲਾਇਆ ਸੀ ਕਿ ਐੱਫ.ਬੀ.ਆਈ. ਨੇ ਟਰੰਪ ਨੂੰ ਫਸਾਉਣ ਲਈ ਸਾਜ਼ਿਸ਼ ਰਚੀ ਹੈ। 2016 ‘ਚ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।