ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਗਵਰਨਰ ਨਿਕੀ ਹੇਲੀ ਨੂੰ ਉਸ ਦੇ ਆਪਣੇ ਹੀ ਰਾਜ ਸਾਊਥ ਕੈਰੋਲੀਨਾ ‘ਚ ਹਰਾ ਕੇ ਨਾਮਜ਼ਦਗੀ ਚੋਣ ਜਿੱਤ ਲਈ ਹੈ। ਇਸ ਤਰ੍ਹਾਂ ਟਰੰਪ ਰਿਪਬਲੀਕਨ ਪਾਰਟੀ ਵੱਲੋਂ 2024 ਵਿਚ ਮੁੜ ਰਾਸ਼ਟਰਪਤੀ ਚੋਣ ਲੜਨ ਦੀ ਦੌੜ ਜਿੱਤਣ ਦੇ ਹੋਰ ਨੇੜੇ ਪੁੱਜ ਗਏ ਹਨ। ਬੀਤੀ ਰਾਤ 7 ਵਜੇ ਸਾਊਥ ਕੈਰੋਲੀਨਾ ਵਿਚ ਵੋਟਾਂ ਪੈਣ ਦੇ ਕੁਝ ਸਮੇ ਬਾਅਦ ਹੀ ਟਰੰਪ ਵੱਲੋਂ ਪਾਇਮਰੀ ਚੋਣ ਜਿੱਤ ਲੈਣ ਦਾ ਐਲਾਨ ਕਰ ਦਿੱਤਾ ਗਿਆ। ਆਪਣੀ ਇਸ ਜਿੱਤ ਉਪਰ ਟਰੰਪ ਨੇ ਕਿਹਾ ਕਿ ਇਹ ਸ਼ਾਨਦਾਰ ਸ਼ਾਮ ਹੈ। ਉਨ੍ਹਾਂ ਨੇ ਨਿਕੀ ਹੇਲੀ ਦਾ ਨਾਂ ਲਏ ਬਗੈਰ ਕਿਹਾ ਕਿ ਮੈਂ ਕਦੀ ਵੀ ਰਿਪਬਲੀਕਨ ਪਾਰਟੀ ਏਨੀ ਇਕਜੁੱਟ ਨਹੀਂ ਵੇਖੀ ਜਿੰਨੀ ਅੱਜ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਏਜੰਡੇ ਖਾਸ ਕਰਕੇ ਇਮੀਗ੍ਰੇਸ਼ਨ ਨੀਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਅਗਲੀ ਮਿਸ਼ੀਗਨ ਦੀ ਪ੍ਰਾਇਮਰੀ ਚੋਣ ਲਈ ਤਿਆਰ ਰਹਿਣ ਵਾਸਤੇ ਕਿਹਾ।