ਚੰਡੀਗੜ੍ਹ, 4 ਜਨਵਰੀ (ਪੰਜਾਬ ਮੇਲ)- ਕਤਲ ਅਤੇ ਜਬਰ ਜਨਾਹ ਮਾਮਲੇ ’ਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਨਜ਼ਰਬੰਦ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਕ ਵਾਰ ਮੁੜ ਜੇਲ੍ਹ ਤੋਂ ਬਾਹਰ ਆਵੇਗਾ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ। ਉਸ ਦੇ 1-2 ਦਿਨਾਂ ਵਿਚ ਬਾਹਰ ਆਉਣ ਦੀ ਸੰਭਾਵਨਾ ਹੈ। ਪੈਰੋਲ ਦੌਰਾਨ ਡੇਰਾ ਮੁਖੀ ਸਿਰਸਾ ਵਿਚ ਹੀ ਰਹੇਗਾ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਅਗਸਤ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਚਾਰ ਮਹੀਨੇ ਤੋਂ ਬਾਅਦ ਮੁੜ ਪੈਰੋਲ ਦਿੱਤੀ ਗਈ ਹੈ। ਇਹ 15ਵੀਂ ਵਾਰ ਹੋਵੇਗਾ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੈਰੋਲ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਲਈ ਵੀ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਡੇਰਾ ਮੁਖੀ ਨੂੰ ਆਖਰੀ ਵਾਰ ਅਗਸਤ 2025 ਵਿੱਚ 40 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਤੇ ਉਸ ਨੇ ਆਪਣਾ 58ਵਾਂ ਜਨਮਦਿਨ ਡੇਰਾ ਸਿਰਸਾ ਵਿਚ ਹੀ ਮਨਾਇਆ ਸੀ।

