#INDIA

ਡੇਢ ਸੌ ਤੋਂ ਵੱਧ ਵਕੀਲਾਂ ਵੱਲੋਂ ਸੀ.ਜੇ.ਆਈ. ਚੰਦਰਚੂੜ ਨੂੰ ਪੱਤਰ

-ਹਿੱਤਾਂ ਦੇ ਟਕਰਾਅ ਦਾ ਮੁੱਦਾ ਉਠਾਇਆ; ਹਾਈ ਕੋਰਟ ਦੇ ਜੱਜ ਵੱਲੋਂ ਕੇਜਰੀਵਾਲ ਖ਼ਿਲਾਫ਼ ਈ.ਡੀ. ਦੀ ਅਰਜ਼ੀ ‘ਤੇ ਸੁਣਵਾਈ ਕਰਨ ਦਾ ਦਿੱਤਾ ਹਵਾਲਾ
ਨਵੀਂ ਦਿੱਲੀ, 5 ਜੁਲਾਈ (ਪੰਜਾਬ ਮੇਲ)- ਡੇਢ ਸੌ ਤੋਂ ਵੱਧ ਵਕੀਲਾਂ ਨੇ ਚੀਫ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ ਨੂੰ ਪੱਤਰ ਲਿਖ ਕੇ ਦਿੱਲੀ ਹਾਈ ਕੋਰਟ ਦੇ ਜੱਜ ਸੁਧੀਰ ਕੁਮਾਰ ਜੈਨ ਜਿਨ੍ਹਾਂ ਨੇ ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਜ਼ਮਾਨਤ ਵਿਰੁੱਧ ਈ.ਡੀ. ਦੀ ਅਪੀਲ ‘ਤੇ ਸੁਣਵਾਈ ਕੀਤੀ ਸੀ, ਵਿਰੁੱਧ ‘ਹਿੱਤਾਂ ਦੇ ਟਕਰਾਅ’ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਜਸਟਿਸ ਜੈਨ ਦਾ ਸਕਾ ਭਰਾ ਈ.ਡੀ. ਦਾ ਵਕੀਲ ਹੈ।
ਪੱਤਰ ਜਿਸ ‘ਤੇ ਆਪ’ ਦੇ ਲੀਗਲ ਸੈੱਲ ਦੇ ਮੁਖੀ ਸੰਜੀਵ ਨਸਿਆਰ ਸਣੇ 157 ਵਕੀਲਾਂ ਦੇ ਦਸਤਖ਼ਤ ਹਨ, ਵਿਚ ਕਿਹਾ ਗਿਆ ਹੈ ਕਿ ਜਸਟਿਸ ਸੁਧੀਰ ਜੈਨ ਨੂੰ ਸੁਣਵਾਈ ਤੋਂ ਵੱਖ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਭਰਾ ਅਨੁਰਾਗ ਜੈਨ ਈ.ਡੀ. ਦੇ ਵਕੀਲ ਹਨ। ਹਿੱਤਾਂ ਦਾ ਇਹ ਸਪੱਸ਼ਟ ਟਕਰਾਅ ਕਦੇ ਵੀ ਸਾਹਮਣੇ ਨਹੀਂ ਲਿਆਂਦਾ ਗਿਆ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਐਡਵੋਕੇਟ ਅਨੁਰਾਗ ਜੈਨ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਕੋਈ ਵੀ ਕੇਸ ਨਹੀਂ ਲੜ ਰਹੇ ਹਨ।