ਸਰੀ, 14 ਜੁਲਾਈ (ਹਰਦਮ ਮਾਨ/(ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਦੀਪਕ ਚਨਾਰਥਲ ਨੇ ਕਿਸਾਨ ਅੰਦੋਲਨ ਦੀਆਂ ਕਈ ਲੁਕਵੀਆਂ ਪਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਦੀਪਕ ਚਨਾਰਥਲ ਅਤੇ ਹਾਜਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੀ ਸਥਾਪਨਾ, ਉਦੇਸ਼ ਅਤੇ ਗਤੀਵਧੀਆਂ ਬਾਰੇ ਜਾਣੂੰ ਕਰਵਾਇਆ। ਮੰਚ ਦੇ ਸਕੱਤਰ ਮੋਹਨ ਗਿੱਲ ਅਤੇ ਡਾ. ਗੁਰਮਿੰਦਰ ਸਿੱਧੂ ਨੇ ਦੀਪਕ ਚਨਾਰਥਲ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਉਂਗਲਾ ਤੇ ਗਿਣੇ ਜਾਣ ਵਾਲੇ ਉਨ੍ਹਾਂ ਪੱਤਰਕਾਰਾਂ ਵਿੱਚੋਂ ਹਨ ਜੋ ਲੋਕਪੱਖੀ ਪੱਤਰਕਾਰੀ ਨੂੰ ਸਮਰਪਿਤ ਹਨ। ਉਨ੍ਹਾਂ ਦੀ ਕਿਸਾਨ ਅੰਦੋਲਨ ਦੌਰਾਨ ਕੀਤੀ ਕਵਰੇਜ ਇਸ ਗੱਲ ਦਾ ਸਬੂਤ ਹੈ ਕਿ ਉਹ ਇਕ ਨਿੱਡਰ ਅਤੇ ਲੋਕਾਈ ਪ੍ਰਤੀ ਚਿੰਤਤ ਪੱਤਰਕਾਰ ਅਤੇ ਲੇਖਕ ਹਨ।
ਦੀਪਕ ਚਨਾਰਥਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਇਸ ਵੇਲੇ ਬੁਰੀ ਤਰ੍ਹਾਂ ਰਾਜਸੀ ਪਾਰਟੀਆਂ ਵਿਚ ਵੰਡਿਆ ਹੋਇਆ ਹੈ ਅਤੇ ਪੰਜਾਬ ਪ੍ਰਤੀ ਚਿੰਤਤ ਲੋਕਾਂ ਵਿਚ ਵੀ ਅਜੇ ਤੱਕ ਇਕਮੁੱਠਤਾ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਫੇਰ ਵੀ ਸਾਨੂੰ ਆਸਵੰਦ ਰਹਿਣਾ ਚਾਹੀਦਾ ਹੈ ਅਤੇ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ 1947 ਦਾ ਸੰਤਾਪ ਹੰਢਾਇਆ ਹੈ, 1984 ਦਾ ਕਾਲਾ ਦੌਰ ਝੱਲਿਆ ਹੈ ਪਰ ਪੰਜਾਬੀ ਭਾਈਚਾਰੇ ਵਿਚ ਤਰੇੜ ਨਹੀਂ ਪੈਣ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਲਈ ਸਭ ਤੋਂ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬੀਆਂ ਦਾ ਡੀ.ਐਨ.ਏ. ਬਦਲਣ ਦੀਆਂ ਕੋਝੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਬਾਰੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਦੀਪਕ ਚਨਾਰਥਲ ਨੇ ਕਿਸਾਨ ਅੰਦੋਲਨ ਦੀ ਆਪਣੇ ਪਿੰਡੇ ਤੇ ਹੰਢਾਈ ਦਾਸਤਾਨ, ਕੌੜੇ ਮਿੱਠੇ ਅਨੁਭਵ ਅਤੇ ਕੁਝ ਛੁਪੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਹੈ ਕਿ ਇਸ ਨੇ ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਲੋਕਾਂ ਵਿਚਲੀ ਕੁੜੱਤਣ ਘਟਾਈ ਹੈ ਅਤੇ ਇਸ ਦੇ ਪ੍ਰਭਾਵ ਕਾਰਨ ਹੀ ਪੰਜਾਬ ਦੇ ਲੋਕ ਬਹੁਤ ਸਾਰੇ ਛੋਟੇ ਛੋਟੇ ਪਰਿਵਾਰਕ ਝਗੜੇ ਆਪਸ ਵਿਚ ਬੈਠ ਕੇ ਨਿਪਟਾਉਣ ਲੱਗ ਪਏ ਹਨ।
ਇਸ ਸੰਵਾਦ ਦੌਰਾਨ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਬਲਦੇਵ ਸਿੰਘ ਖਹਿਰਾ, ਨਵਜੋਤ ਢਿੱਲੋਂ, ਗੁਰਦਰਸ਼ਨ ਬਾਦਲ, ਅਸ਼ੋਕ ਭਾਰਗਵ, ਅੰਗਰੇਜ਼ ਬਰਾੜ, ਮਹਿੰਦਰਪਾਲ ਸਿੰਘ ਪਾਲ, ਅਮਰੀਕ ਪਲਾਹੀ, ਹਰਦਮ ਸਿੰਘ ਮਾਨ, ਦਵਿੰਦਰ ਕੌਰ ਜੌਹਲ ਨੇ ਆਪਣੀ ਜਗਿਆਸਾ ਪ੍ਰਗਟ ਕੀਤੀ। ਅਖੀਰ ਵਿਚ ਜਰਨੈਲ ਸਿੰਘ ਆਰਟਿਸਟ ਨੇ ਮਹਿਮਾਨ ਪੱਤਰਕਾਰ ਅਤੇ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ।