ਸੈਕਰਾਮੈਂਟੋ, 16 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਸਭ ਤੋਂ ਵਧ ਤਰਜੀਹ ਵਾਲੇ ਮੁੱਦੇ ਗੈਰ ਕਾਨੂੰਨੀ ਜਾਂ ਬਿਨਾਂ ਕਾਗਜ਼ ਪੱਤਰਾਂ ਵਾਲੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਲੈ ਕੇ ਡੈਮੋਕਰੈਟਿਕ ਕਾਂਗਰਸ ਮੈਂਬਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਡੈਮੋਕਰੈਟਸ ਦਾ ਦੋਸ਼ ਹੈ ਕਿ ਫੰਡਾਂ ਦੀ ਘਾਟ ਕਾਰਨ ਡੀਟੈਨਸ਼ਨ ਕੇਂਦਰਾਂ ‘ਚ ਪ੍ਰਵਾਸੀਆਂ ਦੀ ਭੀੜ ਵਧ ਗਈ ਹੈ, ਜਿਸ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ ਤੇ ਮੌਤਾਂ ਹੋ ਰਹੀਆਂ ਹਨ। ਡੈਮੋਕਰੈਟ ਸਾਂਸਦ ਲੌਰੇਨ ਅੰਡਰਵੁੱਡ ਜੋ ਸਦਨ ਦੀ ਹੋਮਲੈਂਡ ਸਕਿਉਰਿਟੀ ਬਾਰੇ ਸਬ ਕਮੇਟੀ ਦੇ ਅਹਿਮ ਮੈਂਬਰ ਹਨ, ਨੇ ਦੋਸ਼ ਲਾਇਆ ਹੈ ਕਿ ਏਜੰਸੀ ਉਸ ਫੰਡ ਦੀ ਵਰਤੋਂ ਕਰ ਰਹੀ ਹੈ, ਜੋ ਉਸ ਕੋਲ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 41500 ਪ੍ਰਵਾਸੀਆਂ ਨੂੰ ਰੱਖਣ ਲਈ ਫੰਡ ਦੀ ਪ੍ਰਵਾਨਗੀ ਦਿੱਤੀ ਸੀ, ਜਦ ਕਿ ਆਈ.ਸੀ.ਈ. ਨੇ 52000 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ, ਜਿਸ ਕਾਰਨ ਏਜੰਸੀ ਕੋਲ 2 ਮਹੀਨਿਆਂ ਵਿਚ ਹੀ ਫੰਡ ਖਤਮ ਹੋ ਜਾਵੇਗਾ। ਅੰਡਰਵਰਲਡ ਨੇ ਕਿਹਾ ਹੈ ਕਿ ਹਰ ਸਾਲ 10 ਲੱਖ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਪ੍ਰੋਗਰਾਮ ਇਕ ਬਹੁਤ ਹੀ ਜ਼ੋਖਮ ਵਾਲੀ ਰਣਨੀਤੀ ਹੈ ਤੇ ਇਹ ਫੇਲ ਹੋਣ ਜਾ ਰਹੀ ਹੈ। ਦੂਸਰੇ ਪਾਸੇ ਆਈ.ਸੀ.ਈ. ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਜ ਨੇ ਕਿਹਾ ਹੈ ਕਿ ਏਜੰਸੀ ਕੋਲ ਫੰਡਾਂ ਦੀ ਘਾਟ ਨਹੀਂ ਹੋਵੇਗੀ ਕਿਉਂਕਿ ਹੋਰ ਏਜੰਸੀਆਂ ਜਿਵੇਂ ਫੈਡਰਲ ਐਮਰਜੰਸੀ ਮੈਨੇਜਮੈਂਟ ਏਜੰਸੀ ਜਾਂ ਸਾਈਬਰ ਸਕਿਉਰਿਟੀ ਐਂਡ ਇਨਫਰਾਸਟਰਕਚਰ ਸਕਿਉਰਿਟੀ ਏਜੰਸੀ ਦੇ ਫੰਡ ਵਰਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋਰ ਏਜੰਸੀਆਂ ਦੇ ਫੰਡ ਆਉਣ ਕਾਰਨ ਏਜੰਸੀ ਦਾ 60000 ਡੀਟੈਨਸ਼ਨ ਬੈੱਡਜ ਦੀ ਵਿਵਸਥਾ ਕਰਨ ਦਾ ਟੀਚਾ ਹੈ। ਇਥੇ ਜ਼ਿਕਰਯੋਗ ਹੈ ਕਿ 9 ਮਈ ਨੂੰ ਨਿਊਜਰਸੀ ਵਿਚ ਆਈ.ਸੀ.ਈ. ਡੀਟੈਨਸ਼ਨ ਸੈਂਟਰ ਦੇ ਨਿਰੀਖਣ ਲਈ ਪੁੱਜੇ ਨਿਊਆਰਕ ਦੇ ਡੈਮੋਕਰੈਟਿਕ ਮੇਅਰ ਰਸ ਬਰਾਕਾ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਸੀ। ਉਸ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਸੀ, ਜਦੋਂ ਨਿਊਜਰਸੀ ਦੇ ਡੈਮੋਕਰੈਟਿਕ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ, ਲਾਮੋਨਿਕਾ ਮੈਕਲਵਰ ਤੇ ਰਾਬ ਮੈਨਨਡੇਜ਼ ਨੇ ਨਿੱਜੀ ਤੌਰ ‘ਤੇ ਚਲਾਏ ਜਾ ਰਹੇ ਡੀਟੈਨਸ਼ਨ ਸੈਂਟਰ ਡੀਲੇਨੀ ਹਾਲ ਦੇ ਨਿਰੀਖਣ ਲਈ ਅਣਐਲਾਨਿਆ ਦੌਰਾ ਕੀਤਾ ਸੀ। ਅੰਡਰਵੁੱਡ ਤੇ ਟੈਕਸਾਸ ਤੋਂ ਡੈਮਕਰੈਟਿਕ ਸਾਂਸਦ ਵੇਰੋਨਿਕਾ ਐਸਕੋਬਰ ਨੇ ਮੰਗ ਕੀਤੀ ਹੈ ਕਿ ਡੋਨਾਲਡ ਟਰੰਪ ਵੱਲੋਂ 20 ਜਨਵਰੀ ਨੂੰ ਅਹੁਦਾ ਸੰਭਾਲਣ ਉਪਰੰਤ ਡੀਟੈਨਸ਼ਨ ਸੈਂਟਰਾਂ ਵਿਚ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਐਸਕੋਬਰ ਨੇ ਕਿਹਾ ਕਿ ਡੀਟੈਨਸ਼ਨ ਸੈਂਟਰਾਂ ਵਿਚ ਭੀੜ ਵਧਣ ਕਾਰਨ ਹਾਲਾਤ ਬਹੁਤ ਮਾੜੇ ਹੋ ਗਏ ਹਨ। ਇਸ ਦੇ ਜਵਾਬ ‘ਚ ਡਾਇਰੈਕਟਰ ਟੌਡ ਲਿਓਨਜ ਨੇ ਕਿਹਾ ਹੈ ਕਿ ਹਿਰਾਸਤ ਵਿਚ 9 ਮੌਤਾਂ ਹੋਈਆਂ ਹਨ। ਉਨ੍ਹਾਂ ਵਾਅਦਾ ਕੀਤਾ ਹੈ ਕਿ ਏਜੰਸੀ ਦੀ ਵੈੱਬਸਾਈਟ ‘ਤੇ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤਾਂ ਬਾਰੇ ਮੁਕੰਮਲ ਜਾਂਚ ਕੀਤੀ ਜਾਵੇਗੀ।
ਡੀਟੈਨਸ਼ਨ ਸੈਂਟਰਾਂ ‘ਚ ਪ੍ਰਵਾਸੀਆਂ ਦੀ ਭੀੜ ਵਧਣ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਡੈਮੋਕਰੈਟਸ ਨੇ ਟਰੰਪ ਪ੍ਰਸ਼ਾਸਨ ਨੂੰ ਘੇਰਿਆ
