ਸੈਕਰਾਮੈਂਟੋ, 10 ਜਨਵਰੀ (ਪੰਜਾਬ ਮੇਲ)- ਡਾ. ਸਵੈਮਾਨ ਸਿੰਘ ਦਾ ਨਾਂ ਉਦੋਂ ਸੁਰਖੀਆਂ ਵਿਚ ਆਇਆ ਸੀ, ਜਦੋਂ ਦਿੱਲੀ ਦੇ ਬਾਰਡਰ ‘ਤੇ ਕਿਸਾਨ ਅੰਦੋਲਨ ਚੱਲਿਆ ਸੀ। ਇਸ ਅੰਦੋਲਨ ਦੌਰਾਨ ਡਾ. ਸਵੈਮਾਨ ਸਿੰਘ ਨੇ ਉਥੇ ਕੈਲੀਫੋਰਨੀਆ ਪਿੰਡ ਸਥਾਪਿਤ ਕਰਕੇ ਹਜ਼ਾਰਾਂ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਸੀ। ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਕੈਲੀਫੋਰਨੀਆ ਦੀ ਪਹਿਲੀ ਚੁਣੀ ਹੋਈ ਸਿੱਖ ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਨੇ ਡਾ. ਸਵੈਮਾਨ ਸਿੰਘ ਦੇ ਸਨਮਾਨ ਵਿਚ ਕੈਲੀਫੋਰਨੀਆ ਅਸੈਂਬਲੀ ਵਿਚ ਇਕ ਮਤਾ ਪੇਸ਼ ਕੀਤਾ, ਜੋ ਕਿ ਸਰਬਸੰਮਤੀ ਨਾਲ ਅਸੈਂਬਲੀ ਮੈਂਬਰਾਂ ਵੱਲੋਂ ਪਾਸ ਕਰ ਦਿੱਤਾ ਗਿਆ।
ਇਸ ਦੌਰਾਨ ਅਸੈਂਬਲੀ ਵਿਚ ਬੋਲਦਿਆਂ ਡਾ. ਜਸਮੀਤ ਕੌਰ ਬੈਂਸ ਨੇ ਮਤੇ ਰਾਹੀਂ ਕਿਹਾ ਕਿ ਡਾ. ਸਵੈਮਾਨ ਸਿੰਘ ਨੇ ਡਾਕਟਰ ਹੁੰਦਿਆਂ ਹੋਇਆਂ ਸਮਾਜ ਸੇਵਾ ਵਿਚ ਅਣਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਮਤੇ ਰਾਹੀਂ ਕਿਹਾ ਕਿ ਡਾ. ਸਵੈਮਾਨ ਸਿੰਘ 10 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਨਿਊਜਰਸੀ ਆਏ ਸਨ, ਜਿਥੇ ਉਨ੍ਹਾਂ ਨੇ ਮੈਡੀਕਲ ਦੀ ਪੜ੍ਹਾਈ ਕੀਤੀ। ਇਸ ਮਤੇ ਰਾਹੀਂ ਕਿਹਾ ਗਿਆ ਕਿ ਡਾ. ਸਵੈਮਾਨ ਸਿੰਘ ਨੇ ਸਾਲ 2021 ਦੌਰਾਨ ਨਵੀਂ ਦਿੱਲੀ ਵਿਚ ਕਿਸਾਨ ਅੰਦੋਲਨ ਦੌਰਾਨ ਜੋ ਡਾਕਟਰੀ ਸੇਵਾਵਾਂ ਸਥਾਨਕ ਲੋਕਾਂ ਨੂੰ ਦਿੱਤੀਆਂ ਅਤੇ ਉਨ੍ਹਾਂ ਦਾ ਇਲਾਜ ਕੀਤਾ, ਉਹ ਬੇਮਿਸਾਲ ਸੀ। ਮਤੇ ‘ਚ ਇਹ ਵੀ ਕਿਹਾ ਗਿਆ ਕਿ ਡਾ. ਸਵੈਮਾਨ ਸਿੰਘ ਨੇ ਅਮਰੀਕਾ ਵਿਚ ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਮਤੇ ਵਿਚ ਕਿਹਾ ਗਿਆ ਕਿ ਸਾਨੂੰ ਡਾ. ਸਵੈਮਾਨ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਕਰਨ ਵਿਚ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਨ੍ਹਾਂ ਉਮੀਦ ਕੀਤੀ ਕਿ ਉਨ੍ਹਾਂ ਦਾ ਇਹ ਸਫਰ ਹਮੇਸ਼ਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਵੱਲੋਂ ਪੜ੍ਹੇ ਗਏ ਇਸ ਮਤੇ ਤੋਂ ਬਾਅਦ ਹਾਲ ਵਿਚ ਮੌਜੂਦ ਸਮੁੱਚੇ ਮੈਂਬਰਾਂ ਵਲੋਂ ਜ਼ੋਰਦਾਰ ਤਾੜੀਆਂ ਨਾਲ ਇਸ ਮਤੇ ਦੇ ਹੱਕ ਲਈ ਸਵਾਗਤ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਹਾਜ਼ਰ ਸਨ, ਜੋ ਕਿ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਥੇ ਪਹੁੰਚੇ ਹੋਏ ਸਨ। ਪ੍ਰਮੁੱਖ ਤੌਰ ‘ਤੇ ਇਨ੍ਹਾਂ ਵਿਚ ਗੁਰਜਤਿੰਦਰ ਸਿੰਘ ਰੰਧਾਵਾ, ਡਾ ਜਸਬੀਰ ਸਿੰਘ ਕੰਗ, ਡਾ. ਲਖਵਿੰਦਰ ਸਿੰਘ ਰੰਧਾਵਾ, ਡਾ. ਹਰਕੇਸ਼ ਸਿੰਘ ਸੰਧੂ, ਅਮਰਜੀਤ ਪੰਨੂੰ, ਐੱਚ.ਐੱਸ. ਪੰਨੂੰ, ਸੰਗਰਾਮ ਸਿੰਘ, ਅੰਮ੍ਰਿਤ ਕੌਰ ਬੈਂਸ, ਇਕਬਾਲ ਚੌਹਾਨ, ਪਵਿੱਤਰ ਨਾਹਲ, ਕੁਲਦੀਪ ਸਿੰਘ ਅਟਵਾਲ, ਡਾ. ਸਰਬਜੀਤ ਸਿੰਘ, ਡਾ. ਕਾਹਲੋਂ ਵੀ ਹਾਜ਼ਰ ਸਨ।