ਸਟਾਕਟਨ, 22 ਜਨਵਰੀ (ਹਰਜਿੰਦਰ ਪੰਧੇਰ/ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਬੀਤੇ ਦਿਨੀਂ ਸਥਾਨਕ ਟਰੋਕੇ ਪਬਲਿਕ ਲਾਇਬ੍ਰੇਰੀ ਵਿਖੇ ਡਾ. ਮਾਨ ਸਿੰਘ ਢੀਂਡਸਾ, ਪ੍ਰੋਫੈਸਰ ਸੇਵਾਮੁਕਤ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਟੀ ਪਟਿਆਲਾ) ਦੇ ਸਨਮਾਨ ਹਿੱਤ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਰਚਾਇਆ ਗਿਆ। ਸਮਾਗਮ ਦੇ ਆਰੰਭ ਵਿਚ ਹਰਜਿੰਦਰ ਪੰਧੇਰ ਨੇ ਡਾ. ਸਾਹਿਬ ਦੇ ਪ੍ਰਭਾਵਸ਼ਾਲੀ ਅਧਿਆਪਨ ਜੀਵਨ ਅਤੇ ਹੋਰ ਲੋਕ ਪੱਖੀ ਕਾਰਜਾਂ ‘ਤੇ ਰੌਸ਼ਨੀ ਪਾਈ। ਇਸ ਉਪਰੰਤ ਡਾ. ਮਾਨ ਸਿੰਘ ਢੀਂਡਸਾ ਨੇ ਮਨਰੀਤ ਗਰੇਵਾਲ ਦੀਆਂ ਸਾਹਿਤਕ ਕਿਰਤਾਂ ਦੀ ਸਮਾਲੋਚਨਾ ਕਰਦਿਆਂ ਕਿਹਾ ਕਿ ਉਹ ਜ਼ਮੀਨੀ ਪੱਧਰ ਨਾਲ ਜੁੜੀਆਂ ਸਮੱਸਿਆਵਾਂ ਦੀ ਗੱਲ ਕਰਦੀ ਹੈ। ਉਸ ਦੀਆਂ ਕਹਾਣੀਆਂ ਵਿਚ ਪੰਜਾਬ ਦੀ ਹਰ ਵਰਗ ਦੀ ਔਰਤ ਦੇ ਮੁਹੱਬਤ, ਆਰਥਿਕ, ਸਮਾਜਿਕ ਪੱਧਰ ਦੇ ਦੁੱਖ ਦੇਖੇ ਜਾ ਸਕਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਉਹ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਮਨਰੀਤ ਗਰੇਵਾਲ ਨੂੰ ਪੀ.ਐੱਚ.ਡੀ. ਦੀ ਡਿਗਰੀ ਮਿਲਣ ਅਤੇ ਸਾਹਿਤ ਸਭਾ ਦੇ ਜਨਰਲ ਸਕਤਰ ਦਾ ਅਹੁਦਾ ਸੰਭਾਲਣ ਦੀ ਵਧਾਈ ਵੀ ਦਿੱਤੀ।
ਸਮਾਗਮ ਦੇ ਦੂਸਰੇ ਭਾਗ ਕਵੀ ਦਰਬਾਰ ਦੀ ਇਸ ਵਾਰ ਇਹ ਖਾਸ ਵਿਸ਼ੇਸਤਾ ਰਹੀ ਕਿ ਸਾਰੇ ਹੀ ਨਵੇਂ ਉਭਰਦੇ ਕਲਾਕਾਰ ਸਨ। ਉਨ੍ਹਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਸੀ। ਆਰੰਭ ਅਮਰਪਾਲ ਸਿੰਘ ਕੰਬੋਜ ਨੇ ਇੱਕ ਖੂਬਸੂਰਤ ਸ਼ੇਅਰ ”ਕੀਹਦੇ ‘ਤੇ ਹੱਕ ਆਪਣਾ ਹੁੰਦੈ, ਕਿਹੜਾ ਹੱਕ ਪਰਾਇਆ, ਫਿਰ ਦੁਬਾਰਾ ਨਵੇਂ ਸਿਰੇ ਤੋਂ ਨਵੀਆਂ ਕਦਰਾਂ ਸਿੱਖ ਰਿਹਾ ਹਾਂ” ਸੁਣਾਉਦਿਆਂ ਕੀਤਾ। ਨਰਿੰਦਰ ਨਵਲ ਨੇ ”ਤੁਰਦੇ ਨੇ ਜੋ ਕੰਡਿਆਂ ‘ਤੇ ਫੁੱਲਾਂ ਦੇ ਖ਼ੁਆਬ ਲੈਕੇ, ਮੁੜਦੇ ਨੇ ਸੱਜਣਾਂ ਉਹ ਸੂਹੇ ਗੁਲਾਬ ਲੈਕੇ”, ਬੀਬੀ ਅਨੰਤ ਕੌਰ ਜਿਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਵਿਚ ਛਪਣ ਦਾ ਮਾਣ ਪ੍ਰਾਪਤ ਹੈ, ਨੇ ਆਪਣੀ ਸ਼ਾਇਰੀ, ”ਅਸੀਂ ਪੀਲੇ ਪੱਤ ਖ਼ਿਜ਼ਾਵਾਂ ਦੇ, ਸਾਨੂੰ ਖੌਫ਼ ਨੇ ਤੇਜ਼ ਹਵਾਵਾਂ ਦੇ।” ਨਾਲ ਸ਼ਰੂ ਕੀਤੀ। ਸੁਬੀਤ ਨੂਰ ਨੇ ”ਕੁਛ ਲੋਗ ਗਮ ਕੋ ਪੀ ਲੇਤੇ ਹੈਂ, ਔਰ ਹਮ ਹੈਂ ਕਿ ਜੀਅ ਲੇਤੇ ਹੈਂ” ਨਾਲ ਮਹਿਫਲ ਵਿਚ ਰੰਗ ਭਰਿਆ। ਹਰਪ੍ਰੀਤ ਸ਼ਾਹ ਢਿੱਲੋਂ ਨੇ ”ਇੱਕ ਸ਼ਿਵ ਹੈ ਮੇਰੇ ਅੰਦਰ ਵੀ ਜਾਗਦਾ, ਗੀਤ ਔਹੜਿਆ ਅਸਾਂ ਨੂੰ ਬਿਰਹਾ ਦੇ ਰਾਗ ਦਾ”, ਡਾ. ਜਗਜੀਤ ਸਿੰਘ ਨੇ ”ਖੁਦਾ ਬਨਾਇਆ ਥਾ ਉਸਕੋ, ਵੁਹ ਮੇਰਾ ਰਕੀਬ ਬਨ ਕੇ ਗਿਆ।” ਮਾਨ ਸਿੰਘ ਮਾਨ ਨੇ ”ਤਿਲਾ ਤੈਨੂੰ ਸਾੜ ਕੇ, ਖੁਸ਼ੀਆਂ ਮੰਗ ਰਿਹਾਂ, ਪਰ ਮੈਂ ਵੀ ਜਾਣਾ ਕਿ ਧੋਖੇ ‘ਚੋਂ ਲੰਘ ਰਿਹਾਂ। ਪਰਮਿੰਦਰ ਸਿੰਘ ਪਰਵਾਨਾ ਨੇ ਆਪਣੀ ਕਵਿਤਾ ‘ਕਿਸਮਤ’, ”ਜ਼ਮੀਨ ਨਾਲ ਜੁੜੋ, ਜ਼ਮੀਨ ਤੋਂ ਸਿੱਖੋ, ਜੋ ਵਿਕਾਸ ਦਾ ਦਮ ਭਰਦੀ ਹੈ।” ਡਾ. ਗੋਬਿੰਦਰ ਸਿੰਘ ਸਮਰਾਓ ਨੇ ਆਪਣੀ ਕਵਿਤਾ ਵਿਚ ਸਿੱਖੀ ਦੀ ਤਸਵੀਰ ਪੇਸ਼ ਕੀਤੀ। ਫਕੀਰ ਸਿੰਘ ਮੱਲੀ ਨੇ ਪੰਜਾਬੀ ਬੋਲੀ ਪ੍ਰਤੀ ਸਾਹਿਤ ਸਭਾ ਦੇ ਤਰਦੱਦ ਦੀ ਸਿਫਤ ਕਰਦਿਆਂ ਸਹਿਤ ਪ੍ਰਤੀ ਆਪਣੇ ਸੁਹਿਰਦ ਵਿਚਾਰ ਪੇਸ਼ ਕੀਤੇ। ਮਨਜੀਤ ਕੌਰ ਸੰਧੂ ਜੋ ਇਸ ਸਾਹਿਤ ਸਭਾ ਦੇ ਮੁੱਢਲੇ ਮੈਂਬਰਾਂ ਵਿਚੋਂ ਇੱਕ ਅਤੇ ਪ੍ਰਬੰਧਕ ਹਨ, ਬੜੀ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਈ। ਮਨਰੀਤ ਗਰੇਵਾਲ ਨੇ ਆਪਣੇ ਸ਼ਇਰੋ ਸ਼ਾਇਰੀ ਦੇ ਅੰਦਾਜ਼ ‘ਚ ਬਾਖੂਬੀ ਮੰਚ ਸੰਚਾਲਨ ਕੀਤਾ। ਉਪਰੋਕਤ ਤੋਂ ਇਲਾਵਾ ਸਭਾ ਦੀ ਹਾਜ਼ਰੀ ਲਵਾਉਣ ਵਾਲਿਆਂ ਵਿਚ ਬੀਬੀ ਮਨਜੀਤ ਕੌਰ, ਤਾਰਾ ਸਾਗਰ, ਗੁਰਵਿੰਦਰ ਸਿੰਘ, ਤ੍ਰਿਪਤ ਕੌਰ, ਜਗਦੀਸ਼ ਕੌਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ।