#PUNJAB

ਡਾ. ਛੀਨਾ ਦੁਆਰਾ ਰਚਿਤ ਪੁਸਤਕ ‘ਸ਼ਹੀਦ ਊਧਮ ਸਿੰਘ’ ਡਾ. ਉਬਰਾਏ ਵਲੋਂ ਲੋਕ ਅਰਪਣ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਮੇਲ)- ਆਰਥਿਕ ਮਾਮਲਿਆਂ ਦੇ ਮਾਹਿਰ, ਲੇਖਕ ਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਡਾ. ਸਰਬਜੀਤ ਸਿੰਘ ਛੀਨਾ ਦੁਆਰਾ ਰਚਿਤ ਪੁਸਤਕ ‘ਸ਼ਹੀਦ ਊਧਮ ਸਿੰਘ’ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਸੁਰਿੰਦਰ ਪਾਲ ਸਿੰਘ ਉਬਰਾਏ ਵਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਸ਼ਹੀਦ ਉਧਮ ਸਿੰਘ ਦੇ ਜੀਵਨ, ਸੰਘਰਸ਼, ਕੁਰਬਾਨੀ, ਸ਼ਹਾਦਤ ਦੀ ਗਾਥਾ ਅਤੇ ਉਨ੍ਹਾਂ ਦੇ ਯਤੀਮਖਾਨਾ ਸੰਸਥਾ ਨਾਲ ਜੁੜੇ ਮਹੱਤਵਪੂਰਨ ਪੱਖਾਂ ਨੂੰ ਬਹੁਤ ਵਿਸਥਾਰ ਨਾਲ ਉਜਾਗਰ ਕੀਤਾ ਗਿਆ ਹੈ। ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਦੌਰਾਨ ਡਾ. ਛੀਨਾ ਨੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਰਾਸ਼ਟਰੀ ਮਾਣ, ਨਿਆਂ ਅਤੇ ਮਨੁੱਖਤਾ ਲਈ ਲੜੀ ਜੰਗ ਕਰਾਰ ਦਿੰਦਿਆਂ ਉਨ੍ਹਾਂ ਦੇ ਜੀਵਨ ਨੂੰ ਸੰਘਰਸ਼, ਸਬਰ ਅਤੇ ਅਟੱਲ ਹੌਂਸਲੇ ਦੀ ਮਿਸਾਲ ਵਜੋਂ ਪੇਸ਼ ਕੀਤਾ। ਡਾ. ਨਿੱਜਰ ਨੇ ਡਾ. ਉਬਰਾਏ ਦੇ ਸਮਾਜ ਸੇਵੀ, ਸਿਹਤ ਅਤੇ ਵਿਦੇਸ਼ਾਂ ਵਿਚ ਫਸੇ ਪ੍ਰਵਾਸੀਆਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਅਤੇ ਹੋਰਨਾਂ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਾਡੀ ਇਤਿਹਾਸਕ ਵਿਰਾਸਤ ਹੈ, ਜੋ ਕਿ ਨਵੀਂ ਪੀੜ੍ਹੀ ਲਈ ਚੇਤਨਾ ਅਤੇ ਪ੍ਰੇਰਨਾ ਦਾ ਸਰੋਤ ਹੈ। ਮੁੱਖ ਮਹਿਮਾਨ ਡਾ. ਉਬਰਾਏ ਨੇ ਐਲਾਨ ਕੀਤਾ ਕਿ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਵਿਦਿਆਰਥੀਆਂ ਨੂੰ ਸਰਬੱਤ ਦਾ ਭਲਾ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਉੱਚ ਸਿੱਖਿਆ ਅਤੇ ਰਹਿਣ-ਸਹਿਣ ਮੁਫਤ ਪ੍ਰਦਾਨ ਕੀਤੇ ਜਾਣਗੇ। ਡਾ. ਆਤਮਜੀਤ ਸਿੰਘ ਬਸਰਾ, ਮੋਹਨਜੀਤ ਸਿੰਘ ਭੱਲਾ ਅਤੇ ਲਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਯਤੀਮਖਾਨਾ ਸੰਸਥਾ ਦਾ ਸ਼ਹੀਦ ਊਧਮ ਸਿੰਘ ਦੀਆਂ ਯਾਦਾਂ ਅਤੇ ਆਦਰਸ਼ਾਂ ਨਾਲ ਗਹਿਰਾ ਸੰਬੰਧ ਹੈ ਤੇ ਯਤੀਮਖ਼ਾਨਾ ਵਿਖੇ 12 ਸਾਲ ਬਤੀਤ ਕਰਨ ਵਾਲੇ ਸ਼ਹੀਦ ਉਧਮ ਸਿੰਘ ਦੀਆਂ ਯਾਦਾਂ ਅਤੇ ਵਸਤਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਗਿਆ ਹੈ।
ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਹਰਵਿੰਦਰ ਪਾਲ ਸਿੰਘ ਚੁੱਘ, ਮੈਂਬਰ ਡਾ. ਹਰਬਿਲਾਸ ਸਿੰਘ ਰਬਿੰਦਰਬੀਰ ਸਿੰਘ ਭੱਲਾ, ਤਰਲੋਚਨ ਸਿੰਘ, ਹਰਸੋਹਿਨ ਕੌਰ ਸਰਕਾਰੀਆ, ਕਮਲਜੀਤ ਸਿੰਘ ਕੋਹਲੀ, ਸਰਜੋਤ ਸਿੰਘ ਸਾਹਨੀ, ਉਪਕਾਰ ਸਿੰਘ ਛਾਬੜਾ, ਮਨਪ੍ਰੀਤ ਸਿੰਘ, ਅਜਾਇਬ ਸਿੰਘ ਅਭਿਆਸੀ, ਪ੍ਰੋ. ਸੂਬਾ ਸਿੰਘ, ਮਲਕਿੰਦਰ ਸਿੰਘ, ਸਤਨਾਮ ਸਿੰਘ ਨਿੱਜਰ, ਬੇਅੰਤ ਸਿੰਘ ਤੇ ਡਾ. ਜੇ.ਐੱਸ. ਰੰਧਾਵਾ ਆਦਿ ਵੀ ਹਾਜ਼ਰ ਸਨ।