#PUNJAB

ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਪਹੁੰਚੇ ਰੂਪਨਗਰ; ਟਰੱਸਟ ਵੱਲੋਂ ਬਣਾਏ ਮਕਾਨਾਂ ਦੀਆਂ ਸੌਂਪੀਆਂ ਚਾਬੀਆਂ

ਰੂਪਨਗਰ, 8 ਅਗਸਤ (ਪੰਜਾਬ ਮੇਲ)- ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਅੱਜ ਰੂਪਨਗਰ ਵਿਖੇ ਪਹੁੰਚੇ । ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਲਈ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ । ਜਦੋਂ ਉਹ ਰੂਪਨਗਰ ਵਿੱਚ ਪੈਂਦੇ ਪਿੰਡ ਹੁਸੈਨਪੁਰ ਵਿਖੇ ਪਹੁੰਚੇ ਤਾਂ ਇੱਥੇ ਵੀ ਉਹਨਾਂ ਵੱਲੋਂ ਇੱਕ 95 ਸਾਲਾ ਬਿਰਧ ਮਾਤਾ ਪ੍ਰੀਤਮ ਕੌਰ ਦੇ ਪਰਿਵਾਰ ਲਈ ਬਣਾਏ ਗਏ ਮਕਾਨ ਦੀਆਂ ਚਾਬੀਆਂ ਸੌਂਪੀਆਂ ਗਈਆਂ । ਢੱਠੇ ਹੋਏ ਮਕਾਨ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਦੌਲਤ ਪੱਕੇ ਮਕਾਨ ਦੀ ਮਾਲਕ ਬਣੀ ਬਿਰਧ ਮਾਤਾ ਪ੍ਰੀਤਮ ਕੌਰ ਦੀਆਂ ਅੱਖਾਂ ਵਿੱਚ ਆਏ ਖੁਸ਼ੀ ਦੇ ਹੰਝੂਆਂ ਨੂੰ ਵੇਖਦਿਆਂ ਇੰਝ ਲੱਗਦਾ ਸੀ, ਜਿਵੇਂ ਉਹ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇ ਰਹੇ ਹੋਣ । ਇੱਥੇ ਹੀ ਡਾਕਟਰ ਓਬਰਾਏ ਵੱਲੋਂ ਇੱਕ ਪ੍ਰੈਸ ਮੀਟਿੰਗ ਵੀ ਕੀਤੀ ਗਈ, ਜਿਸ ਦੌਰਾਨ ਉਹਨਾਂ ਟਰੱਸਟ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਵਿੱਚ ਪਿਛਲੇ ਸਮੇਂ ਦੌਰਾਨ ਅੱਠ ਮਕਾਨ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਸੌਂਪੇ ਗਏ ਹਨ ਅਤੇ ਅੱਜ ਹੋਰ ਨਵੇਂ ਪੰਜ ਮਕਾਨਾਂ ਦੀਆਂ ਚਾਬੀਆਂ ਲਾਭਪਾਤਰੀ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਛੇ ਮਕਾਨ ਉਸਾਰੀ ਅਧੀਨ ਹਨ ਅਤੇ ਤਕਰੀਬਨ 25 ਕੁ ਅਰਜੀਆਂ ਜਿਲ੍ਹਾ ਰੂਪਨਗਰ ਦੀਆਂ ਹੋਰ ਸਾਡੇ ਕੋਲ ਆਈਆਂ ਹੋਈਆਂ ਹਨ, ਜਿਨ੍ਹਾਂ ਉੱਤੇ ਬਹੁਤ ਜਲਦੀ ਗ਼ੌਰ ਕੀਤਾ ਜਾਵੇਗਾ । ਇਸ ਪ੍ਰੈਸ ਮੀਟਿੰਗ ਦੌਰਾਨ ਸ੍ਰੀ ਜੇਕੇ ਜੱਗੀ ਜਿਲ੍ਹਾ ਪ੍ਰਧਾਨ ਰੂਪਨਗਰ ਵੱਲੋਂ ਵੀ ਟਰੱਸਟ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਬਾਰੇ ਚਾਨਣਾ ਪਾਇਆ ਗਿਆ । ਲਾਭਪਾਤਰੀਆਂ ਸਮੇਤ ਪਿੰਡ ਹੁਸੈਨਪੁਰ ਦੀ ਸਮੁੱਚੀ ਪੰਚਾਇਤ ਅਤੇ ਸ. ਰਮਿੰਦਰ ਸਿੰਘ ਰਿਟਾਇਰਡ ਜੇਈ ਪਿੰਡ ਹੁਸੈਨਪੁਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਜੇਕੇ ਜੱਗੀ ਸਮੇਤ ਟਰੱਸਟ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ”ਤੇ ਧੰਨਵਾਦ ਕੀਤਾ ਗਿਆ । ਦੱਸ ਦੇਈਏ ਕਿ ਡਾ. ਸਰਬਜਿੰਦਰ ਸਿੰਘ ਡੀਨ ਪੰਜਾਬੀ ਯੂਨੀਵਰਸਿਟੀ ਅਤੇ ਸ. ਸੁਰਿੰਦਰ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ ਨੇ ਡਾ. ਐੱਸ.ਪੀ. ਸਿੰਘ ਓਬਰਾਏ ਨਾਲ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਜਿਲ੍ਹਾ ਰੂਪਨਗਰ ਤੋਂ ਟਰੱਸਟ ਦੇ ਮੈਂਬਰ ਸ਼੍ਰੀ ਅਸ਼ਵਨੀ ਖੰਨਾ, ਸ਼੍ਰੀ ਸੁਖਦੇਵ ਸ਼ਰਮਾ, ਸ਼੍ਰੀ ਮਨਮੋਹਨ ਕਾਲੀਆ, ਜੀ.ਐੱਸ. ਓਬਰਾਏ, ਸ਼੍ਰੀ ਮਦਨ ਗੁਪਤਾ, ਨਿੱਕਾ ਰਾਮ, ਅਸ਼ੋਕ ਰਾਣਾ ਅਤੇ ਸ ਮਨਜੀਤ ਸਿੰਘ ਅਬਿਆਣਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।