#PUNJAB

ਡਾ. ਐੱਸ.ਪੀ. ਓਬਰਾਏ ਵੱਲੋਂ 800 ਵਲੰਟੀਅਰਾਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਕੀਤੀ ਜਾ ਰਹੀ ਹੈ ਮਦਦ

– ਐੱਨ.ਆਰ.ਆਈ. ਭਰਾਵਾਂ ਨੂੰ ਅੱਗੇ ਆਉਣ ਦਾ ਦਿੱਤਾ ਸੱਦਾ
ਗੁਰਦਾਸਪੁਰ, 3 ਸਤੰਬਰ (ਪੰਜਾਬ ਮੇਲ)- ਪੰਜਾਬ ਵਿਚ ਚੱਲ ਰਹੀ ਹੜ੍ਹਾਂ ਦੀ ਮਾਰ ਨਾਲ 9 ਜ਼ਿਲ੍ਹਿਆਂ ਵਿਚ ਜਨਜੀਵਨ ਤਹਿਸ-ਨਹਿਸ ਹੋ ਕੇ ਰਹਿ ਗਿਆ ਹੈ। ਜਿੱਥੇ ਹੋਰ ਸੰਸਥਾਵਾਂ ਅਤੇ ਲੋਕ ਮਦਦ ਲਈ ਆਪੋ-ਆਪਣੀ ਵਾਹ ਲਾ ਰਹੇ ਹਨ, ਉਥੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਓਬਰਾਏ ਖੁਦ ਜਾ ਕੇ ਹੜ੍ਹ ਪੀੜਤਾਂ ਦੀ ਸਾਰ ਲੈ ਰਹੇ ਹਨ। ਹੁਣ ਤੱਕ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਫਾਜ਼ਿਲਕਾ ਤੱਕ ਤਕਰੀਬਨ ਸਾਰੇ ਜ਼ਿਲ੍ਹਿਆਂ ਤੱਕ ਹੜ੍ਹ ਪੀੜਤਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਦੇ ਨਾਲ ਸਰਬੱਤ ਦਾ ਭਲਾ ਟਰਸਟ ਟੀਮ ਦੇ 800 ਦੇ ਕਰੀਬ ਵਲੰਟੀਅਰ ਵੱਖ-ਵੱਖ ਥਾਂਵਾਂ ‘ਤੇ ਲੋਕਾਂ ਦੀ ਮਦਦ ਕਰ ਰਹੇ ਹਨ।
ਇਸ ਸੰਸਥਾ ਵੱਲੋਂ ਹੁਣ ਤੱਕ ਲਗਭਗ 1200 ਟਨ ਚਾਰਾ ਪਸ਼ੂ ਲਈ ਦਿੱਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਡਾ. ਓਬਰਾਏ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਹੋਰ ਵੀ ਭਿਆਨਕ ਸਮਾਂ ਆਉਣ ਵਾਲਾ ਹੈ। ਉਸ ਵਕਤ ਸਾਨੂੰ ਰਲਕੇ ਬਿਮਾਰੀਆਂ ਨਾਲ ਨਜਿੱਠਣਾ ਪਵੇਗਾ। ਇਸ ਦੇ ਲਈ ਸਰਬੱਤ ਦਾ ਭਲਾ ਦੀ ਸਮੁੱਚੀ ਟੀਮ ਪਹਿਲਾਂ ਤੋਂ ਹੀ ਤਿਆਰ ਬੈਠੀ ਹੈ ਅਤੇ ਇਸ ਦੇ ਲਈ ਥਾਂ-ਥਾਂ ਮੈਡੀਕਲ ਸਹੂਲਤਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ।
ਡਾ. ਓਬਰਾਏ ਨੇ ਦੱਸਿਆ ਕਿ ਇਸ ਵੇਲੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਸੁੱਕਾ ਰਾਸ਼ਨ, ਪਸ਼ੂਆਂ ਲਈ ਚਾਰਾ, ਦਵਾਈਆਂ, ਤਰਪਾਲਾਂ, ਮੱਛਰਦਾਰਨੀਆਂ ਅਤੇ ਹੋਰ ਸਮੱਗਰੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਿਲ ਖੋਲ੍ਹ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੀ ਹੈ।
ਉਨ੍ਹਾਂ ਐੱਨ.ਆਰ.ਆਈ. ਭਰਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਕੰਮ ਵਿਚ ਵੱਧ ਤੋਂ ਵੱਧ ਮਦਦ ਕਰਨ।