#PUNJAB

ਡਾਕਟਰ ਓਬਰਾਏ ਜਸਟਿਸ ਨਵਾਬ ਸਿੰਘ ਨਾਲ ਵੱਡੀ ਤਦਾਦ ਵਿਚ ਹੜ੍ਹ ਪੀੜਤਾਂ ਲਈ ਲੈ ਕੇ ਪਹੁੰਚੇ ਲੋੜੀਂਦਾ ਸਮਾਨ

ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦਾ ਸਮਾਨ (ਸੁੱਕਾ ਰਾਸ਼ਣ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ, ਤਰਪਾਲਾਂ, ਪਸ਼ੂਆਂ ਦੀ ਫੀਡ) ਵੱਡੀ ਪੱਧਰ ‘ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਡਾਕਟਰ ਓਬਰਾਏ ਵੱਲੋਂ ਜਸਟਿਸ ਨਵਾਬ ਸਿੰਘ (ਪੰਜਾਬ ਹਰਿਆਣਾ ਹਾਈਕੋਰਟ) ਦੇ ਨਾਲ ਤੀਸਰੇ ਦੌਰ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ (ਰੁਕਨੇਵਾਲਾ ਬੰਨ, ਅਰਾਜੀ ਸਭਰਾਂ, ਬਸਤੀ ਗਰੀਬ ਸਿੰਘ, ਰੋਡੇਵਾਲਾ) ਦਾ ਦੌਰਾ ਕੀਤਾ ਗਿਆ, ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਲੋੜੀਂਦੇ ਸਮਾਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਅਤੇ ਹੜ੍ਹਾਂ ਨਾਲ ਪੀੜਤ ਲੋਕਾਂ ਨਾਲ ਲੰਮੇ ਸਮੇਂ ਤੱਕ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਡਾ. ਓਬਰਾਏ ਅਪਣੇ ਨਾਲ ਵੱਡੀ ਤਦਾਦ ਵਿਚ ਸਮਾਨ (ਤਰਪਾਲਾਂ, ਮੱਛਰਦਾਨੀਆਂ, ਸੈਨਟਰੀ ਪੈਡ, ਦਵਾਈਆਂ, ਸੁੱਕਾ ਰਾਸ਼ਣ, ਪਸ਼ੂਆਂ ਦੀ ਫੀਡ) ਵੀ ਲੈ ਕੇ ਆਏ ਸਨ। ਅਮਰਜੀਤ ਕੌਰ ਪ੍ਰਧਾਨ ਫਿਰੋਜ਼ਪੁਰ ਇਕਾਈ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ. ਓਬਰਾਏ ਵਲੋਂ ਲਿਆਂਦੇ ਸਮਾਨ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਰਤੀਬ ਅਨੁਸਾਰ ਲੋੜਵੰਦਾਂ ਨੂੰ ਤਕਸੀਮ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਾ. ਓਬਰਾਏ ਅਤੇ ਜਸਟਿਸ ਨਵਾਬ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਨਰੇਸ਼ ਕਟਾਰੀਆ ਵਿਧਾਇਕ, ਐੱਸ.ਡੀ.ਐੱਮ. ਜੀਰਾ, ਤਹਿਸੀਲਦਾਰ ਜੀਰਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਸੁਖਬੀਰ ਸਿੰਘ ਜੈਲਦਾਰ, ਹਰਭਗਵਾਨ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫਿਰੋਜ਼ਪੁਰ ਵੱਲੋਂ ਦਵਿੰਦਰ ਸਿੰਘ ਛਾਬੜਾ ਮੀਤ ਪ੍ਰਧਾਨ, ਰਣਜੀਤ ਸਿੰਘ ਰਾਏ ਸਲਾਹਕਾਰ, ਮਹਾਂਵੀਰ ਸਿੰਘ, ਰਣਧੀਰ ਜੋਸ਼ੀ, ਬਲਵਿੰਦਰ ਕੌਰ, ਤਲਵਿੰਦਰ ਕੌਰ ਆਦਿ ਹਾਜ਼ਰ ਸਨ।