#CANADA

ਟੋਰਾਂਟੋ ‘ਚ ਸਮੂਹਿਕ ਗੋਲੀਬਾਰੀ ਦੌਰਾਨ 1 ਵਿਅਕਤੀ ਦੀ ਮੌਤ; 5 ਜ਼ਖਮੀ

-ਹਮਲਾਵਰ ਦੀ ਭਾਲ ਜਾਰੀ
ਟੋਰਾਂਟੋ, 4 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਇੱਕ ਵਾਰ ਫਿਰ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟੋਰਾਂਟੋ ਵਿਚ ਵਾਪਰੀ ਹੈ। ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਪੰਜ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਲਾਰੈਂਸ ਹਾਈਟਸ ਇਲਾਕੇ ਵਿਚ ਵਾਪਰੀ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਮਾਮਲੇ ਵਿਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਟੋਰਾਂਟੋ ਪੁਲਿਸ ਅਤੇ ਪੈਰਾਮੈਡਿਕਸ ਨੇ ਦੱਸਿਆ ਕਿ ਪੁਲਿਸ ਟੀਮ ਨੇ ਇਸ ਗੋਲੀਬਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ। ਪੁਲਿਸ ਅਨੁਸਾਰ ਇਸ ਗੋਲੀਬਾਰੀ ਵਿਚ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ।
ਪੁਲਿਸ ਇਸ ਸਮੇਂ ਇਸ ਘਟਨਾ ਵਿਚ ਸ਼ਾਮਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੇ ਰਾਣੀ ਐਵੇਨਿਊ ਅਤੇ ਫਲੇਮਿੰਗਟਨ ਰੋਡ ਦੇ ਨੇੜੇ ਇੱਕ ਕਮਾਂਡ ਪੋਸਟ ਵੀ ਸਥਾਪਤ ਕੀਤੀ ਹੈ। ਨਾਲ ਹੀ ਘਟਨਾ ਸਥਾਨ ਦੇ ਆਲੇ-ਦੁਆਲੇ ਲਗਾਏ ਗਏ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸ਼ੱਕੀ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ।