#PUNJAB

ਟੈਲੀ ਫਿਲਮ ‘ਗੁਰਮੁਖੀ ਦਾ ਬੇਟਾ’ ਦਾ ਮਹੂਰਤ ਕਲੈਪ ਵਿਧਾਇਕ ਉੱਗੋਕੇ ਨੇ ਦਿੱਤਾ

– ਹਵਾ, ਪਾਣੀ, ਧਰਤੀ ਨੂੰ ਬਚਾਉਣ ਦਾ ਸੁਨੇਹਾਂ ਦੇਵੇਗੀ ‘ਗੁਰਮੁਖੀ ਦਾ ਬੇਟਾ’; ਉੱਗੋਕੇ ਚ ਕੀਤੀ ਫਿਲਮ ਦੀ ਸੂਟਿੰਗ
– ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੂੰ ਫਿਲਮ ਦੇ ਮਹੂਰਤ ਮੌਕੇ ਪੌਦੇ ਵੰਡੇ
ਬਰਨਾਲਾ, 1 ਜੁਲਾਈ (ਪੰਜਾਬ ਮੇਲ)- ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਬਠਿੰਡਾ ਵੱਲੋਂ ਡਾਇਰੈਕਟਰ ਰਾਜਬਿੰਦਰ ਸ਼ਮੀਰ ਦੀ ਅਗਵਾਈ ਹੇਠ ਕਹਾਣੀਕਾਰ, ਨਿਰਮਾਤਾ ਗੁਰਨੈਬ ਸਾਜਨ ਦਿਉਣ, ਕੈਮਰਾਮੈਨ ਪੰਮਾ ਬੱਲੂਆਣਾ ਵੱਲੋਂ ਸੂਟ ਕੀਤੀ ਜਾ ਰਹੀ ਟੈਲੀ ਫਿਲਮ ‘ਗੁਰਮੁਖੀ ਦਾ ਬੇਟਾ’ ਦੀ ਸੂਟਿੰਗ ਦੇ ਪਹਿਲੇ ਦਿਨ ਦਾ ਮਹੂਰਤ ਕਲੈਪ ਅਤੇ ਨਾਰੀਅਲ ਤੋੜਨ ਦੀ ਰਸ਼ਮ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਪਿੰਡ ਉੱਗੋਕੇ ਦੇ ਵੱਡੇ ਡੇਰੇ ਚ ਕੀਤੀ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਬਠਿੰਡਾ ਵੱਲੋਂ ਗੁਰਮੁਖੀ ਦਾ ਬੇਟਾ ਜੋ ਟੈਲੀ ਫਿਲਮ ਬਣਾਈ ਜਾ ਰਹੀ ਹੈ ਇਸ ਵਿੱਚ ਹਵਾ, ਪਾਣੀ ਧਰਤੀ ਅਤੇ ਮਾਂ ਬੋਲੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਡਾਇਰੈਕਟਰ ਰਾਜਬਿੰਦਰ ਸ਼ਮੀਰ ਅਤੇ ਕਹਾਣੀਕਾਰ ਗੁਰਨੈਬ ਸਾਜਨ ਦਿਉਣ ਨੂੰ ਕਿਹਾ ਕਿ ਤੁਸੀਂ ਫਿਲਮ ਮੁਕੰਮਲ ਕਰੋ ਇਸ ਤੋਂ ਬਾਅਦ ਆਪਾਂ ਇਕੱਠੇ ਬੈਠ ਕੇ ਫਿਲਮ ਦੇਖਾਂਗੇ। ਜੇਕਰ ਤੁਸੀਂ ਇਸ ਫਿਲਮ ਵਿੱਚ ਉਪਰੋਕਤ ਚੰਗੇ ਸੁਨੇਹੇ ਦੇਣ ਵਿੱਚ ਸਫ਼ਲ ਹੋਏ ਤਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸਹਿਯੋਗ ਨਾਲ ਗੁਰਮੁਖੀ ਦਾ ਬੇਟਾ ਫਿਲਮ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਜੈਕਟਰਾਂ ਰਾਂਹੀ ਬੱਚਿਆ ਨੂੰ ਦਿਖਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਕੁਝ ਗਲਤ ਵੀ ਚੱਲ ਰਿਹਾ ਹੈ ਜੇਕਰ ਐਸੀਆਂ ਚੰਗੇ ਸੁਨੇਹੇ ਦੇਣ ਵਾਲੀਆਂ ਫਿਲਮਾਂ ਬੱਚੇ ਦੇਖਣਗੇ ਤਾਂ ਉਹ ਸੋਸ਼ਲ ਮੀਡੀਏ ਤੋਂ ਦੂਰੀ ਵੀ ਬਣਾ ਕੇ ਰੱਖਣਗੇ। ਉਨ੍ਹਾਂ ਇਸ ਮੌਕੇ ਫ਼ਲਦਾਰ ਅਤੇ ਫੁੱਲਦਾਰ ਪੌਦੇ ਡੇਰੇ ਵਿੱਚ ਲਗਾਏ ਅਤੇ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੂੰ ਵੀ ਵੰਡੇ ਗਏ। ਇਸ ਮੌਕੇ ਸਰਪੰਚ ਰਾਮ ਸਿੰਘ ਨੇ ਕਿਹਾ ਕਿ ਅਸੀਂ ਫਿਲਮ ਦੀ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਤੁਸੀਂ ਸਾਡੇ ਪਿੰਡ ਨੂੰ ਇੱਕ ਵਧੀਆ ਸਮਾਜਿਕ ਸੁਨੇਹੇ ਲਈ ਫਿਲਮ ਦੇ ਰੂਪ ਵਿੱਚ ਚੁਣਿਆ ਹੈ, ਅਸੀਂ ਤੁਹਾਡਾ ਸਮੁੱਚੀ ਟੀਮ ਦਾ ਨਗਰ ਵੱਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਡਾਇਰੈਕਟਰ ਰਾਜਬਿੰਦਰ ਸ਼ਮੀਰ ਅਤੇ ਕਹਾਣੀਕਾਰ ਗੁਰਨੈਬ ਸਾਜਨ ਦਿਉਣ ਨੇ ਵਿਧਾਇਕ ਲਾਭ ਸਿੰਘ ਉਗੋਕੇ, ਸਰਪੰਚ ਰਾਮ ਸਿੰਘ ਅਤੇ ਸਮੁੱਚੇ ਨਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਉਗੋਕੇ ਵੱਲੋਂ ਉਨ੍ਹਾਂ ਨੂੰ ਪੂਰਨ ਤੌਰ ਤੇ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਇਸ ਪਿੰਡ ਦੇ ਜੰਮਪਲ ਇੱਕ ਛੋਟੇ ਜਿਹੇ ਬੱਚੇ ਸੁਖਰਵੀਰ ਸਿੰਘ ਨੂੰ ਇਸ ਫਿਲਮ ਚ ਬਤੌਰ ਨਾਇਕ ਵਜੋਂ ਉਭਾਰਿਆ ਜਾ ਰਿਹਾ ਹੈ, ਉਨ੍ਹਾਂ ਮਾਸਟਰ ਗੁਰਜੀਤ ਸਿੰਘ ਦਾ ਵੀ ਧੰਨਵਾਦ ਕੀਤਾ , ਜਿੰਨਾਂ ਨੇ ਉਨ੍ਹਾਂ ਨੂੰ ਇਸ ਫਿਲਮ ਲਈ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।
ਇਸ ਫਿਲਮ ਦੀ ਸੂਟਿੰਗ ਬਰਨਾਲਾ ਜਿਲ੍ਹਾ ਦੇ ਪਿੰਡ ਉੱਗੋਕੇ ਤੋਂ ਇਲਾਵਾ ਬਠਿੰਡਾ ਦੇ ਆਸ ਪਾਸ ਪਿੰਡਾਂ ਵਿੱਚ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਬਠਿੰਡਾ ਵੱਲੋਂ ਪਹਿਲਾਂ ਵੀ ਬਿੱਕਰ ਵਿਚੋਲਾ, ਬਿੱਕਰ ਵਿਚੋਲਾ 2 ਕੈਨੇਡਾ ਵਾਲੇ, ਵੱਟ ਦਾ ਰੌਲਾ, ਕੁਦਰਤ, ਮਾਂ ਦਾ ਕਰਜਾ, ਲੜਾਕੀ ਸਰਪੰਚਣੀ ਅਤੇ ਬੋਝ ਵਰਗੀਆਂ ਸਮਾਜਿਕ ਸਨੇਹੇ ਦੇਣ ਵਾਲੀਆਂ ਫਿਲਮਾਂ ਜਰੀਏ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਸੋਸ਼ਲ ਮੀਡੀਆ ਤੇ ਜੋ ਲੋਕ ਅਸਲੀਲ ਅਤੇ ਦੋ ਅਰਥੀ ਸੰਵਾਦ ਰਚਾਕੇ ਸਿਰਫ ਪੈਸਾ ਕਮਾਉਣ ਦੀ ਦੌੜ ਚ ਲੱਗੇ ਹੋਏ ਹਨ, ਉਨਾਂ ਦੇ ਉਲਟ ਅਸੀਂ ਹਮੇਸਾ ਆਪਣੀਆਂ ਫਿਲਮਾਂ ਜਰੀਏ ਨਰੋਆ ਸਮਾਜ ਸਿਰਜਣ ਦਾ ਹੋਕਾ ਦਿੱਤਾ ਹੈ। ਇਸ ਮੌਕੇ ਮਾਸਟਰ ਗੁਰਜੀਤ ਸਿੰਘ, ਸੁਖਚੈਨ ਸਿੰਘ ਉੱਗੋਕੇ,ਗੀਤਕਾਰ ਗੁਰਤੇਜ ਸਿੰਘ ਉਗੋਕੇ, ਕੌਰ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਪ੍ਰਧਾਨ ਡੇਰਾ ਬਾਬਾ ਸਿੱਧ ਭੋਂਇ, ਜਗਸੀਰ ਸਿੰਘ ਬੱਬੂ, ਗੁਰਚਰਨ ਸਿੰਘ ਲਾਣੇਵਾਲਾ, ਮੱਖਣ ਸਿੰਘ ਸੇਵਾਦਾਰ, ਗੁਰਪ੍ਰੀਤ ਸਿੰਘ ਪੀਤਾ, ਚਰਨਜੀਤ ਸਿੰਘ ਗਿੱਲ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਮੌਜੂਦ ਸਨ।