ਮੈਕਰੋਨ ਨੇ ਅਮਰੀਕਾ ਖਿਲਾਫ ਸਖ਼ਤ ਵਪਾਰਕ ਜਵਾਬੀ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਕਿਹਾ
ਯੂਰਪ ਵੱਲੋਂ ‘ਟ੍ਰੇਡ ਬਾਜ਼ੂਕਾ’ ਤਿਆਰ!
ਵਾਸ਼ਿੰਗਟਨ/ਬ੍ਰਸਲਜ਼, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਦਿੱਤੇ ਗਏ ਹਮਲਾਵਰ ਬਿਆਨਾਂ ਅਤੇ ਟੈਰਿਫ ਵਧਾਉਣ ਦੀਆਂ ਧਮਕੀਆਂ ਨੇ ਯੂਰਪੀਅਨ ਯੂਨੀਅਨ (ਈ.ਯੂ.) ਨੂੰ ਚੌਕਸ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਯੂਰਪੀਅਨ ਯੂਨੀਅਨ ਨੂੰ ਅਮਰੀਕਾ ਦੇ ਖਿਲਾਫ ਸਖ਼ਤ ਵਪਾਰਕ ਜਵਾਬੀ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ, ਜਿਸ ਨੂੰ ਗੈਰ-ਅਧਿਕਾਰਤ ਤੌਰ ‘ਤੇ ‘ਟ੍ਰੇਡ ਬਾਜ਼ੂਕਾ’ ਕਿਹਾ ਜਾ ਰਿਹਾ ਹੈ।
ਇਸ ਦਾ ਅਧਿਕਾਰਤ ਨਾਂ ਐਂਟੀ-ਕੋਅਰਸ਼ਨ ਇੰਸਟਰੂਮੈਂਟ ਹੈ। ਇਹ ਇਕ ਅਜਿਹੀ ਵਿਵਸਥਾ ਹੈ, ਜਿਸ ਤਹਿਤ ਯੂਰਪੀਅਨ ਯੂਨੀਅਨ ਉਨ੍ਹਾਂ ਦੇਸ਼ਾਂ ਜਾਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੀ ਹੈ, ਜੋ ਯੂਰਪ ‘ਤੇ ਆਰਥਿਕ ਜਾਂ ਰਾਜਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਅਮਰੀਕੀ ਕੰਪਨੀਆਂ ਦੇ ਯੂਰਪੀਅਨ ਬਾਜ਼ਾਰ ‘ਚ ਦਾਖਲੇ ‘ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਟੈਂਡਰਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਿਦੇਸ਼ੀ ਨਿਵੇਸ਼ ਅਤੇ ਆਯਾਤ-ਨਿਰਯਾਤ ‘ਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਅਮਰੀਕਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ।
ਦਾਵੋਸ ਵਿਚ ਬੋਲਦਿਆਂ ਮੈਕਰੌਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨਵੇਂ ਟੈਰਿਫ ਲਗਾਉਂਦਾ ਹੈ ਤਾਂ ਈ.ਯੂ. ਨੂੰ ਪਹਿਲੀ ਵਾਰ ਇਸ ਸ਼ਕਤੀਸ਼ਾਲੀ ਹਥਿਆਰ ਦੀ ਵਰਤੋਂ ਕਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਸਹਿਯੋਗੀ ਵਿਰੁੱਧ ਅਜਿਹਾ ਕਦਮ ਚੁੱਕਣਾ ‘ਪਾਗਲਪਨ’ ਹੋਵੇਗਾ ਅਤੇ ਬਿਹਤਰ ਹੁੰਦਾ ਕਿ ਸਾਰਾ ਧਿਆਨ ਯੂਕਰੇਨ ਵਿਚ ਸ਼ਾਂਤੀ ਸਥਾਪਤ ਕਰਨ ‘ਤੇ ਲਗਾਇਆ ਜਾਂਦਾ, ਪਰ ਅਮਰੀਕਾ ਦੀ ਬੇਵਜ੍ਹਾ ਦੀ ਹਮਲਾਵਰਤਾ ਉਨ੍ਹਾਂ ਨੂੰ ਮਜਬੂਰ ਕਰ ਸਕਦੀ ਹੈ।
ਸੂਤਰਾਂ ਅਨੁਸਾਰ, ਇਸ ਵੇਲੇ ਸਿਰਫ ਫਰਾਂਸ ਹੀ ਇਸ ਸਖ਼ਤ ਕਦਮ ਦੇ ਪੱਖ ਵਿਚ ਹੈ, ਜਦੋਂਕਿ ਬਾਕੀ 27 ਮੈਂਬਰ ਦੇਸ਼ਾਂ ਵਿਚ ਇਸ ਨੂੰ ਲੈ ਕੇ ਵੱਖ-ਵੱਖ ਰਾਇ ਹੈ। ਈ.ਯੂ. ਦੇ ਨੇਤਾ ਇਸ ਤਣਾਅ ‘ਤੇ ਚਰਚਾ ਕਰਨ ਲਈ ਬ੍ਰਸਲਜ਼ ਵਿਚ ਇਕ ਐਮਰਜੈਂਸੀ ਸਿਖਰ ਸੰਮੇਲਨ ਕਰਨ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਲ 2024 ‘ਚ ਅਮਰੀਕਾ ਅਤੇ ਯੂਰਪ ਵਿਚਕਾਰ ਵਪਾਰ 1.7 ਟ੍ਰਿਲੀਅਨ ਯੂਰੋ (ਲਗਭਗ 2 ਟ੍ਰਿਲੀਅਨ ਡਾਲਰ) ਰਿਹਾ ਹੈ। ਯੂਰਪ ਵੱਲੋਂ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ, ਕਾਰਾਂ, ਜਹਾਜ਼, ਰਸਾਇਣ, ਮੈਡੀਕਲ ਉਪਕਰਨ ਅਤੇ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ। ਟ੍ਰੇਡ ਬਾਜ਼ੂਕਾ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਹ ਹਥਿਆਰ ਅਸਲ ਵਿਚ 2021 ਵਿਚ ਚੀਨ ਦੇ ਆਰਥਿਕ ਦਬਾਅ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਸੀ, ਪਰ ਹੁਣ ਅਮਰੀਕਾ ਨਾਲ ਵਧਦੇ ਟਕਰਾਅ ਕਾਰਨ ਇਸ ਦੀ ਵਰਤੋਂ ਦੀ ਚਰਚਾ ਛਿੜ ਗਈ ਹੈ।

