ਜ਼ਿਆਦਾਤਰ ਦੇਸ਼ਾਂ ‘ਤੇ ਟੈਰਿਫ਼ 90 ਦਿਨਾਂ ਲਈ ਟਾਲਿਆ
ਵਾਸ਼ਿੰਗਟਨ, 10 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਅਤੇ ਚੀਨ ਦਰਮਿਆਨ ‘ਟੈਰਿਫ਼ ਜੰਗ’ ਹੋਰ ਤੇਜ਼ ਹੋ ਗਈ ਹੈ। ਅਮਰੀਕਾ ਵੱਲੋਂ ਚੀਨੀ ਵਸਤਾਂ ‘ਤੇ 104 ਫ਼ੀਸਦੀ ਟੈਰਿਫ਼ ਕਰਨ ਦੇ ਬਾਅਦ ਚੀਨ ਵਲੋਂ ਚੁੱਕੇ ਜਵਾਬੀ ਕਦਮ ਤੋਂ ਨਾਰਾਜ਼ ਅਮਰੀਕਾ ਨੇ ਜਿਥੇ ਜ਼ਿਆਦਾਤਰ ਦੇਸ਼ਾਂ ‘ਤੇ ਲਗਾਏ ਪਰਸਪਰ ਟੈਰਿਫ਼ ਨੂੰ 90 ਦਿਨਾਂ ਲਈ ਰੋਕ ਦਿੱਤਾ, ਉਥੇ ਚੀਨ ‘ਤੇ ਟੈਰਿਫ਼ ਵਧਾ ਕੇ 125 ਫ਼ੀਸਦੀ ਕਰ ਦਿੱਤਾ। ਟਰੰਪ ਨੇ ਹਾਲਾਂਕਿ ਦਾਅਵਾ ਕੀਤਾ ਕਿ ਚੀਨ ਨੂੰ ਇਸ ਆਰਜ਼ੀ ਰਾਹਤ ਤੋਂ ਛੋਟ ਨਹੀਂ ਮਿਲੇਗੀ ਤੇ ਉਹ ਚੀਨੀ ਦਰਾਮਦਾਂ ‘ਤੇ ਟੈਕਸ ਵਧਾ ਰਹੇ ਹਨ। ਟਰੰਪ ਨੇ ਇਹ ਕਾਰਵਾਈ ਚੀਨ ਵਲੋਂ ਲਗਾਏ ਜਵਾਬੀ 84 ਫ਼ੀਸਦੀ ਟੈਰਿਫ਼ ਦੇ ਬਾਅਦ ਕੀਤੀ। ਜਿਸ ਨਾਲ ਟਰੰਪ ਵਲੋਂ ਛੇੜੀ ਆਲਮੀ ਵਪਾਰਕ ਜੰਗ ਹੋਰ ਡੂੰਘੀ ਹੋਣ ਦੇ ਆਸਾਰ ਹਨ। ਅਮਰੀਕੀ ਰਾਸ਼ਟਰਪਤੀ ਨੇ ਆਪਣਾ ਫ਼ੈਸਲਾ ਪਲਟਣ ਪਿੱਛੇ ਦੇਸ਼ਾਂ ਨਾਲ ਵਪਾਰ ਸੰਬੰਧੀ ਨਵੀਂ ਗੱਲਬਾਤ ਦਾ ਹਵਾਲਾ ਦਿੱਤਾ। ਟਰੰਪ ਨੇ ਕਿਹਾ ਕਿ 75 ਤੋਂ ਵੱਧ ਦੇਸ਼ਾਂ ਨੇ ਵਪਾਰਕ ਗੱਲਬਾਤ ਲਈ ਅਮਰੀਕਾ ਸਰਕਾਰ ਤੱਕ ਪਹੁੰਚ ਕੀਤੀ ਹੈ। ਟਰੰਪ ਨੇ ਕਿਹਾ ਕਿ ਦੁਨੀਆਂ ਦੇ ਬਾਜ਼ਾਰਾਂ ਲਈ ਚੀਨ ਨੇ ਜਿਸ ਤਰ੍ਹਾਂ ਨਾਲ ਸਨਮਾਨ ਨਹੀਂ ਦਿਖਾਇਆ ਹੈ, ਉਸ ਦੇ ਆਧਾਰ ‘ਤੇ ਮੈਂ ਅਮਰੀਕਾ ਵਲੋਂ ਚੀਨ ‘ਤੇ ਲਗਾਏ ਜਾਣ ਵਾਲੇ ਟੈਰਿਫ਼ ਨੂੰ 125 ਫ਼ੀਸਦੀ ਕਰ ਰਿਹਾ ਹਾਂ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਉਮੀਦ ਹੈ ਕਿ ਜਲਦ ਹੀ ਚੀਨ ਇਸ ਨੂੰ ਸਮਝੇਗਾ ਕਿ ਅਮਰੀਕਾ ਅਤੇ ਦੂਸਰੇ ਦੇਸ਼ਾਂ ਨੂੰ ਲਗਾਤਾਰ ਆਰਥਿਕ ਰੂਪ ਨਾਲ ਨੁਕਸਾਨ ਪਹੁੰਚਾਉਣ ਦੇ ਦਿਨ ਹੁਣ ਨਹੀਂ ਰਹੇ ਅਤੇ ਸਵੀਕਾਰ ਯੋਗ ਵੀ ਨਹੀਂ ਹੈ। ਵਾਈਟ ਹਾਊਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਟਰੰਪ ਨੇ ਜੋ 90 ਦਿਨਾਂ ਦੀ ਰੋਕ ਦਾ ਐਲਾਨ ਕੀਤਾ ਹੈ, ਇਸ ਦਾ ਮਤਲਬ ਇਹ ਹੈ ਕਿ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ‘ਤੇ ਇਨ੍ਹਾਂ 90 ਦਿਨਾਂ ਦੌਰਾਨ ਇਕ ਸਮਾਨ 10 ਫ਼ੀਸਦੀ ਪਰਸਪਰ ਟੈਰਿਫ਼ ਲਗਾਇਆ ਜਾਵੇਗਾ।
ਅਮਰੀਕਾ ‘ਤੇ 84 ਫ਼ੀਸਦੀ ਟੈਰਿਫ ਲਗਾਏਗਾ ਚੀਨ
ਬੀਜਿੰਗ : ਚੀਨ ਨੇ ਇਕ ਵਾਧੂ ਜਵਾਬੀ ਕਦਮ ਵਜੋਂ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ‘ਤੇ ਟੈਰਿਫ ਵਧਾ ਕੇ 84 ਫੀਸਦੀ ਕਰ ਦਿੱਤਾ ਹੈ। ਪਿਛਲੇ ਹਫ਼ਤੇ ਚੀਨ ਨੇ ਕਿਹਾ ਸੀ ਕਿ ਉਹ ਸਾਰੇ ਅਮਰੀਕੀ ਸਾਮਾਨਾਂ ‘ਤੇ 34 ਫੀਸਦੀ ਟੈਰਿਫ ਲਗਾਏਗਾ। ਉਧਰ ਅਮਰੀਕਾ ਨਾਲ ਵਧ ਰਹੀ ਟੈਰਿਫ ਜੰਗ ਦੇ ਮੱਦੇਨਜ਼ਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਆਂਢੀ ਦੇਸ਼ਾਂ ਨਾਲ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਟੈਰਿਫ ‘ਚ ਭਾਰੀ ਵਾਧੇ, ਖਾਸ ਕਰਕੇ ਚੀਨ ‘ਤੇ 104 ਫੀਸਦੀ ਟੈਰਿਫ ਨਾਲ ਨਿਸ਼ਾਨਾ ਬਣਾਉਣ ਤੋਂ ਬਾਅਦ ਆਪਣੇ ਪਹਿਲੇ ਜਨਤਕ ਭਾਸ਼ਨ ‘ਚ ਸ਼ੀ ਨੇ ਗੁਆਂਢੀ ਦੇਸ਼ਾਂ ਨਾਲ ਸਾਂਝੇ ਭਵਿੱਖ ਵਾਲਾ ਇਕ ਭਾਈਚਾਰਾ ਬਣਾਉਣ ਤੇ ਚੀਨ ਦੇ ਆਂਢ-ਗੁਆਂਢ ‘ਚ ਕੰਮ ਲਈ ਨਵਾਂ ਆਧਾਰ ਖੋਲ੍ਹਣ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ। ਸ਼ੀ ਨੇ ਇਹ ਟਿੱਪਣੀਆਂ ਬੀਜਿੰਗ ‘ਚ ਕਰਵਾਈ ਗੁਆਂਢੀ ਦੇਸ਼ਾਂ ਦੀ 2 ਰੋਜ਼ਾ ਕੇਂਦਰੀ ਕਾਨਫਰੰਸ ‘ਚ ਕੀਤੀਆਂ। ਜ਼ਿਕਰਯੋਗ ਹੈ ਕਿ ਜਿਵੇਂ-ਜਿਵੇਂ ਅਮਰੀਕਾ ਨਾਲ ਸੰਬੰਧ ਤਣਾਅਪੂਰਨ ਹੁੰਦੇ ਜਾ ਰਹੇ ਹਨ, ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਨੂੰ ਘਟਾ ਦਿੱਤਾ ਹੈ ਤੇ ਵਪਾਰ ਤੇ ਰਣਨੀਤਕ ਮੋਰਚਿਆਂ ‘ਤੇ ਜਾਪਾਨ ਤੇ ਦੱਖਣੀ ਕੋਰੀਆ ਵਰਗੇ ਹੋਰ ਗੁਆਂਢੀਆਂ ਨਾਲ ਆਪਣੇ ਸੰਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।