* ਇਕ ਜਵਾਨ ਵੱਲੋਂ ਆਪਣੇ ਸੀਨੀਅਰ ਨੂੰ ਭੇਜੀ ਈ ਮੇਲ ਉਪੰਰਤ ਮਾਮਲੇ ਨੇ ਤੂਲ ਫੜਿਆ
ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਸ ਰਾਜ ਦੀ ਸਰਹੱਦ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਸਬੰਧੀ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਵੱਡੀ ਪੱਧਰ ਉਪਰ ਆਲੋਚਨਾ ਹੋ ਰਹੀ ਹੈ। ਰਾਜ ਦੇ ਇਕ ਜਵਾਨ ਵੱਲੋਂ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਰਹੱਦ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਜੋ ਵੀ ਪ੍ਰਵਾਸੀ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ, ਉਨ੍ਹਾਂ ਨੂੰ ਗਵਰਨਰ ਗਰੇਗ ਅਬੋਟ ਦੇ ਸਰਹੱਦ ਸੁਰੱਖਿਆ ਕਦਮਾਂ ਤਹਿਤ ਦੁਬਾਰਾ ਰੀਓ ਗਰੈਂਡ ਦਰਿਆ ਵਿਚ ਧੱਕ ਦਿੱਤਾ ਜਾਵੇ। ਇਸ ਪ੍ਰਗਟਾਵੇ ਉਪਰੰਤ ਮਾਮਲਾ ਤੂਲ ਫੜ ਗਿਆ ਹੈ। ਇਕ ਅਖਬਾਰ ‘ਚ ਛੱਪੀ ਇਕ ਰਿਪੋਰਟ ਜਿਸ ਵਿਚ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੂੰ ਇਕ ਜਵਾਨ ਵੱਲੋਂ ਭੇਜੀ ਇਕ ਈ ਮੇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਵਰਨਰ ਅਬੋਟ ਦੇ ਆਪਰੇਸ਼ਨ ਲੋਨ ਸਟਾਰ ਕਾਰਨ ਪ੍ਰਵਾਸੀਆਂ ਦੀ ਜ਼ਿੰਦਗੀ ਖਤਰੇ ਵਿਚ ਪਾ ਦਿੱਤੀ ਗਈ ਹੈ। ਜਵਾਨ ਜੋ ਇਕ ਡਾਕਟਰ ਹੈ, ਨੇ ਆਪਣੇ ਸੀਨੀਅਰ ਨੂੰ ਭੇਜੀ ਈ-ਮੇਲ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਪ੍ਰਵਾਸੀਆਂ ਨੂੰ ਰੋਕਣ ਦੇ ਕਦਮਾਂ ਦਾ ਸਮਰਥਕ ਹੈ ਪਰੰਤੂ ਇਸ ਦੇ ਨਾਲ ਹੀ ਉਸ ਨੇ ਡੈਲ ਰੀਓ ਖੇਤਰ ‘ਚ ਇਸ ਸਾਲ ਜੂਨ ਦੇ ਅੰਤ ਵਿਚ ਤੇ ਜੁਲਾਈ ਦੇ ਸ਼ੁਰੂ ਵਿਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਪ੍ਰਵਾਸੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ। ਇਨ੍ਹਾਂ ਵਿਚ ਪ੍ਰਵਾਸੀ ਬੱਚਿਆਂ ਦੇ ਜ਼ਖਮੀ ਹੋਣ, ਇਕ ਗਰਭਵਤੀ ਔਰਤ ਨਾਲ ਗਲਤ ਵਿਵਹਾਰ ਤੇ ਹੋਰ ਬਹੁਤ ਸਾਰਿਆਂ ਨੂੰ ਭਿਆਨਕ ਗਰਮੀ ਦੇ ਬਾਵਜੂਦ ਪਾਣੀ ਨਾ ਦੇਣ ਜਾਂ ਉਚਿਤ ਡਾਕਟਰੀ ਸਹਾਇਤਾ ਨਾ ਦੇਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਹੈ। ਜਵਾਨ ਨੇ ਕਿਹਾ ਹੈ ਕਿ ਟੈਕਸਾਸ ਰਾਜ ਵੱਲੋਂ ਰੀਓ ਗਰੈਂਡ ਦਰਿਆ ਦੇ ਨਾਲ ਲਾਈ ਗਈ ਕੰਡਿਆਲੀ ਵਾੜ ਦੇ ਸਿੱਟੇ ਵਜੋਂ 5 ਪ੍ਰਵਾਸੀ ਦਰਿਆ ਵਿਚ ਡੁੱਬ ਗਏ ਸਨ, ਜਦਕਿ ਕੁਝ ਹੋਰ ਕੰਡਿਆਲੀ ਵਾੜ ਵਿਚ ਫਸ ਕੇ ਜ਼ਖਮੀ ਹੋ ਗਏ ਸਨ। ਜਵਾਨ ਨਿਕੋਲਸ ਵਿੰਗੇਟ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਸਾਰਜੈਂਟ ਨੂੰ ਭੇਜੀ ਈ ਮੇਲ ਵਿਚ ਹੋਰ ਕਿਹਾ ਹੈ ਕਿ ”ਮੈ ਸੱਚੇ ਦਿੱਲੋਂ ਆਪਰੇਸ਼ਨ ਲੋਨ ਸਟਾਰ ਦੇ ਮਿਸ਼ਨ ‘ਚ ਵਿਸ਼ਵਾਸ ਰੱਖਦਾ ਹਾਂ ਪਰੰਤੂ ਮੇਰਾ ਵਿਸ਼ਵਾਸ ਹੈ ਕਿ ਅਸੀਂ ਅਣਮਨੁੱਖੀ ਸੀਮਾ ਨੂੰ ਪਾਰ ਕੀਤਾ ਹੈ। ਸਾਨੂੰ ਇਸ ਆਪਰੇਸ਼ਨ ਨੂੰ ਉਸ ਪ੍ਰਮਾਤਮਾ ਦੀ ਨਜ਼ਰ ਅਨੁਸਾਰ ਠੀਕ ਤਰ੍ਹਾਂ ਲਾਗੂ ਕਰਨਾ ਪਵੇਗਾ। ਸਾਨੂੰ ਇਹ ਮਾਨਤਾ ਦੇਣ ਦੀ ਲੋੜ ਹੈ ਕਿ ਇਹ ਲੋਕ ਉਸ ਪ੍ਰਮਾਤਮਾ ਦਾ ਹੀ ਰੂਪ ਹਨ ਤੇ ਉਨ੍ਹਾਂ ਨਾਲ ਇਸ ਅਨੁਸਾਰ ਹੀ ਵਿਵਹਾਰ ਕਰਨ ਦੀ ਲੋੜ ਹੈ।”