ਟੈਕਸਾਸ, 2 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਕ ਗੁਰਦੁਆਰਾ ਸਾਹਿਬ ਵਿਚੋਂ ਦਿਨ-ਦਿਹਾੜੇ ਗੋਲਕ ਚੋਰੀ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੈਨ ਐਂਟੋਨੀਓ ਸ਼ਹਿਰ ਦੇ ਗੁਰਦੁਆਰਾ ਸਿੱਖ ਧਰਮਸਾਲ ਵਿਖੇ ਵਾਪਰੀ ਵਾਰਦਾਤ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਗੁਰਦੁਆਰਾ ਸਿੱਖ ਧਰਮਸਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪਾਲ ਸਿੰਘ ਨੇ ਦੱਸਿਆ ਕਿ ਗੋਲਕ ‘ਚ ਤਕਰੀਬਨ ਪੰਜ ਹਜ਼ਾਰ ਡਾਲਰ ਸਨ ਅਤੇ ਚੋਰ ਗੋਲਕ ਤੋੜ ਕੇ ਸਾਰੀ ਰਕਮ ਇਕ ਥੈਲੇ ਵਿਚ ਪਾ ਕੇ ਲੈ ਗਿਆ। ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਚੋਰ ਦਰਬਾਰ ਹਾਲ ‘ਚ ਦਾਖਲ ਹੁੰਦਾ ਹੈ ਅਤੇ ਸ੍ਰੀ ਗ੍ਰੰਥ ਸਾਹਿਬ ਦੇ ਅੱਗੇ ਪਈ ਗੋਲਕ ਘੜੀਸ ਕੇ ਬਾਹਰ ਵੱਲ ਲੈ ਜਾਂਦਾ ਹੈ। ਦਰਬਾਰ ਹਾਲ ਦੇ ਮੁੱਖ ਦਰਵਾਜ਼ੇ ਨੇੜੇ ਜਾ ਕੇ ਉਹ ਗੋਲਕ ਦਾ ਜਿੰਦਾ ਤੋੜਦਾ ਹੈ ਅਤੇ ਸਾਰੀ ਰਕਮ ਇਕ ਥੈਲੇ ‘ਚ ਭਰਨੀ ਸ਼ੁਰੂ ਕਰ ਦਿੰਦਾ ਹੈ। ਚੋਰ ਨੇ ਕਾਲੀ ਸ਼ਰਟ ਅਤੇ ਜੀਨਜ਼ ਪਹਿਨੀ ਹੋਈ ਸੀ ਅਤੇ ਇਕ ਸਿਲਵਰ ਕਲਰ ਕਾਰ ‘ਚ ਫਰਾਰ ਹੋਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।