ਨਿਊਯਾਰਕ, 22 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਟੈਕਸਾਸ ਦੀ ਕਾਂਗਰਸਵੂਮੈਨ ਸ਼ੀਲਾ ਜੈਕਸਨ ਲੀ ਦੀ ਬੀਤੇ ਦਿਨੀਂ ਮੌਤ ਹੋ ਗਈ। 74 ਸਾਲਾ ਕਾਂਗਰਸਵੂਮੈਨ ਸ਼ੀਲਾ ਜੈਕਸਨ ਲੀ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸੀ। ਉਸ ਨੇ 30 ਸਾਲਾਂ ਤੋਂ ਵੱਧ ਸਮੇਂ ਤੱਕ ਜਨਤਾ ਦੀ ਸੇਵਾ ਕੀਤੀ। ਪਰਿਵਾਰ ਨੇ ਸ਼ੁੱਕਰਵਾਰ ਰਾਤ ਨੂੰ ਉਸ ਦੀ ਮੌਤ ਦਾ ਐਲਾਨ ਕੀਤਾ। ਉਸ ਦੇ ਪਰਿਵਾਰ ਨੇ ਇੱਕ ਬਿਆਨ ਵਿਚ ਕਿਹਾ, ‘ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਟੈਕਸਾਸ ਦੇ 18ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਸੰਯੁਕਤ ਰਾਜ ਦੀ ਪ੍ਰਤੀਨਿਧੀ ਸ਼ੀਲਾ ਜੈਕਸਨ ਲੀ ਦੇ ਦੇਹਾਂਤ ਦੀ ਅਸੀਂ ਘੋਸ਼ਣਾ ਕਰਦੇ ਹਾਂ। ਉਹ ਕੈਂਸਰ ਤਂੋ ਪੀੜਤ ਸੀ। ਪਰਿਵਾਰ ਨੇ ਇੱਕ ਬਿਆਨ ‘ਚ ਕਿਹਾ ਕਿ ”ਉਸ ਨੇ ਨਸਲੀ ਨਿਆਂ, ਅਪਰਾਧਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ, ਔਰਤਾਂ ਅਤੇ ਬੱਚਿਆਂ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਦਲੇਰਾਨਾ ਲੜਾਈਆਂ ਲੜੀਆਂ, ਇਸ ਲਈ ਦੁਨੀਆਂ ਭਰ ਵਿਚ ਉਸ ਨੂੰ ਮਾਨਤਾ ਦਿੱਤੀ ਗਈ ਸੀ”। ਪਰਿਵਾਰ ਨੇ ਕਿਹਾ, ”ਪਿਛਲੇ ਮਹੀਨੇ, ਜੈਕਸਨ ਲੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਪੈਨਕ੍ਰੀਆਟਿਕ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਲੜ ਰਹੀ ਹੈ। ਆਪਣੀ ਇਸ ਘੋਸ਼ਣਾ ਸਮੇਂ ਜੈਕਸਨ ਲੀ ਨੇ ਕਿਹਾ ਕਿ ਉਹ ਬਿਮਾਰੀ ਨਾਲ ਲੜਨ ਲਈ ਇਲਾਜ ਵੀ ਕਰਵਾ ਰਹੀ ਹੈ, ਜੋ ਹਰ ਸਾਲ ਹਜ਼ਾਰਾਂ ਅਮਰੀਕੀਆਂ ਨੂੰ ਪ੍ਰਭਾਵਤ ਕਰਦੀ ਹੈ। ਮੈਂ ਰੱਬ ਦੇ ਵਿਸ਼ਵਾਸ ਵਿਚ ਖੜ੍ਹੀ ਹਾਂ ਕਿ ਰੱਬ ਮੈਨੂੰ ਠੀਕ ਕਰੇਗਾ’? ਯੂ.ਐੱਸ. ਰਿਪ. ਸ਼ੀਲਾ ਜੈਕਸਨ ਲੀ ਨੇ ਪੈਨਕ੍ਰੀਆਟਿਕ ਕੈਂਸਰ ਦੀ ਬਿਮਾਰੀ ਦੇ ਬਾਰੇ ਪਹਿਲੇ ਘੋਸ਼ਣਾ ਕੀਤੀ ਸੀ। ਜੈਕਸਨ ਲੀ ਦੇ ਪਰਿਵਾਰ ਨੇ ਕਿਹਾ, ”ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ, ਪਰ ਉਸਦੀ ਵਿਰਾਸਤ ਆਜ਼ਾਦੀ, ਨਿਆਂ ਅਤੇ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਮਾਤਮਾ ਕਾਂਗਰਸਵੂਮੈਨ ਦਾ ਭਲਾ ਕਰੇ ਅਤੇ ਪਰਮੇਸ਼ਰ ਸੰਯੁਕਤ ਰਾਜ ਅਮਰੀਕਾ ਦਾ ਭਲਾ ਕਰੇ।” ਜੈਕਸਨ ਲੀ ਦਾ ਦਹਾਕਿਆਂ ਦੌਰਾਨ ਕਈ ਵਿਧਾਨਕ ਜਿੱਤਾਂ ਵਿਚ ਹੱਥ ਸੀ, ਜਿਸ ਵਿਚ ਜੂਨਟੀਨਥ ਫੈਡਰਲ ਹੋਲੀਡੇ ਦੀ ਸਥਾਪਨਾ ਅਤੇ ਔਰਤਾਂ ਵਿਰੁੱਧ ਹਿੰਸਾ ਐਕਟ ਨੂੰ ਮੁੜ ਅਧਿਕਾਰਤ ਕਰਨਾ ਸ਼ਾਮਲ ਹੈ।