– ਘਰਾਂ ਉਪਰ ਦਰੱਖਤ ਡਿੱਗਣ ਕਾਰਨ 2 ਮੌਤਾਂ
– ਲੱਖਾਂ ਅਮਰੀਕੀ ਬਿਜਲੀ ਤੋਂ ਬਿਨਾਂ ਰਹਿਣ ਲਈ ਮਜ਼ਬੂਰ
ਸੈਕਰਾਮੈਂਟੋ, 11 ਜੁਲਾਈ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਤੱਟੀ ਖੇਤਰ ‘ਚ ਤੜਕਸਾਰ ਆਏ ਜ਼ਬਰਦਸਤ ਤੂਫਾਨ ਤੇ ਮੀਂਹ ਕਾਰਨ ਜਨਜੀਵਨ ਉਪਰ ਵਿਆਪਕ ਅਸਰ ਪਿਆ ਹੈ। ਤੂਫਾਨ ਨੇ ਵਿਆਪਕ ਤਬਾਹੀ ਮਚਾਈ ਹੈ। ਪੂਰਬੀ ਟੈਕਸਾਸ ਦਾ ਜ਼ਿਆਦਾਤਰ ਹਿੱਸਾ ਤੂਫਾਨ ਤੋਂ ਪ੍ਰਭਾਵਿਤ ਹੋਇਆ ਹੈ। ਨੈਸ਼ਨਲ ਹੁਰੀਕੇਨ ਸੈਂਟਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹਿਊਸਟਨ ਖੇਤਰ ਵਿਚ ਮੋਹਲੇਧਾਰ ਮੀਂਹ ਤੇ 80 ਮੀਲ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਜਨਜੀਵਨ ਅਸਥ ਵਿਅਸਥ ਕਰ ਦਿੱਤਾ ਹੈ। ਖਤਰਨਾਕ ਹਾਲਾਤ ਬਣ ਗਏ ਹਨ, ਜਿਸ ਕਾਰਨ ਬਚਾਅ ਆਪਰੇਸ਼ਨ ਚਲਾਉਣਾ ਪਿਆ ਹੈ। ਸੈਂਟਰ ਅਨੁਸਾਰ ਸੈਂਕੜੇ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਤੇ 20 ਲੱਖ ਤੋਂ ਵਧ ਲੋਕ ਬਿਨਾਂ ਬਿਜਲੀ ਰਹਿ ਰਹੇ ਹਨ। ਹਿਊਸਟਨ ਦੇ ਮੇਅਰ ਜੌਹਨ ਵਿਟਮਿਰ ਨੇ ਕਿਹਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿਚ 10 ਇੰਚ ਤੋਂ ਵਧ ਪਾਣੀ ਹੈ। ਸ਼ੈਰਿਫ ਐਡ ਗੋਨਜ਼ਾਲੇਜ਼ ਅਨੁਸਾਰ ਹਿਊਸਟਨ ਦੇ ਉੱਤਰ ਪੂਰਬ ‘ਚ ਹੈਰਿਸ ਕਾਊਂਟੀ ਦੇ ਨੀਮ ਸ਼ਹਿਰੀ ਖੇਤਰ ਵਿਚ ਇਕ ਘਰ ਉਪਰ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਦੀ ਘਰ ਦੇ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ, ਜਦਕਿ ਉੱਤਰੀ ਹੈਰਿਸ ਕਾਊਂਟੀ ‘ਚ ਇਕ ਹੋਰ ਘਰ ਉਪਰ ਦਰੱਖਤ ਡਿੱਗਣ ਕਾਰਨ ਇਕ 74 ਸਾਲਾ ਔਰਤ ਮਾਰੀ ਗਈ।