ਨਿਊਯਾਰਕ, 25 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਖੇਡਾਂ ਨੂੰ ਪਸੰਦ ਕਰਦੇ ਹਨ। ਕੁਝ ਬੱਚੇ ਇਨਡੋਰ ਖੇਡਾਂ ਨੂੰ ਤਰਜੀਹ ਦਿੰਦੇ ਹਨ। ਕੁਝ ਬੱਚੇ ਬਾਹਰ ਖੇਡਦੇ ਰਹੇ ਹਨ। ਪਰ ਕੁਝ ਅਜਿਹੇ ਵੀ ਬੱਚੇ ਹਨ ਜੋ ਟਾਈਮ ਪਾਸ ਕਰਨ ਲਈ ਬੈਂਕ ਲੁੱਟਦੇ ਹਨ। ਹੁਣ ਆਓ ਜਾਣਦੇ ਹਾਂ ਕਿ ਇਹ ਦਿਲਚਸਪ ਘਟਨਾ ਕਦੋਂ ਅਤੇ ਕਿੱਥੇ ਵਾਪਰੀ। ਨਕਲੀ ਪਿਸਤੌਲਾਂ ਨਾਲ ਚੋਰ ਅਤੇ ਪੁਲਿਸ ਦੇ ਖੇਡਣ ਵਾਲੀ ਉਮਰ ਦੇ ਤਿੰਨ ਬੱਚਿਆਂ ਨੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਬੱਚਿਆਂ ਦੀ ਉਮਰ ਸਿਰਫ਼ 11, 12, ਅਤੇ 16 ਸਾਲ ਹੈ। ਇਹ ਅਜੀਬ ਮਾਮਲਾ ਅਮਰੀਕਾ ਦੇ ਟੈਕਸਾਸ ਸੂਬੇ ‘ਚ ਸਾਹਮਣੇ ਆਇਆ ਹੈ। ਜਿਨ੍ਹਾਂ ਵਿਚ ਤਿੰਨ ਲੜਕਿਆਂ ਨੇ ਮਿਲ ਕੇ ਹਿਊਸਟਨ, ਟੈਕਸਾਸ ਵਿਚ ਇੱਕ ਸਥਾਨਕ ਬੈਂਕ ਨੂੰ ਲੁੱਟਿਆ। ਪੁਲਿਸ ਨੇ ਦੱਸਿਆ ਕਿ ਬੀਤੀ 14 ਮਾਰਚ ਨੂੰ ਉਹ ਗ੍ਰੀਨ ਪੁਆਇੰਟ ਖੇਤਰ ਵਿਚ ਇੱਕ ਵੇਲਜ਼ ਫਾਰਗੋ ਨਾਂ ਦੀ ਬੈਂਕ ਵਿਚ ਗਏ ਅਤੇ ਟੈਲਰ ਨੂੰ ਇੱਕ ਧਮਕੀ ਭਰਿਆ ਨੋਟ ਸੌਂਪਿਆ। ਬਾਅਦ ਵਿਚ ਉਹ ਬੈਂਕ ਵਿਚੋਂ ਪੈਸੇ ਲੁੱਟ ਕੇ ਉਥੋਂ ਫਰਾਰ ਹੋ ਗਏ। ਜਦੋਂ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਬੱਚਿਆਂ ਨੇ ਬੈਂਕ ਡਕੈਤੀ ਕੀਤੀ ਹੈ।
ਰਿਟਾਇਰਡ ਜੁਵੇਨਾਈਲ ਡਿਸਟ੍ਰਿਕਟ ਕੋਰਟ ਦੇ ਜੱਜ ਮਾਈਕ ਸ਼ਨਾਈਡਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਮਾਮਲਾ ਦੇਖਿਆ ਹੈ। ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਲੜਕਿਆਂ ਨੇ ਲੁੱਟ ਦੇ ਦੌਰਾਨ ਕੈਸ਼ੀਅਰ ਨੂੰ ਬੰਦੂਕ ਨਹੀਂ ਦਿਖਾਈ। ਪਰ ਉਨ੍ਹਾਂ ਨੇ ਬੈਂਕ ਦੇ ਕੈਸ਼ੀਅਰ ਨੂੰ ਇਕ ਧਮਕੀ ਭਰਿਆ ਨੋਟ ਦਿੱਤਾ ਕਿ ਉਨ੍ਹਾਂ ਕੋਲ ਹਥਿਆਰ ਹੈ। ਬਾਅਦ ਵਿਚ ਉਹ ਪੈਸੇ ਲੈ ਕੇ ਉਥੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਇਨ੍ਹਾਂ ਤਿੰਨਾਂ ਲੁਟੇਰਿਆਂ (ਬੱਚਿਆਂ) ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾ ਦਿੱਤੇ। ਇਨ੍ਹਾਂ ਪੋਸਟਰਾਂ ਨੂੰ ਦੇਖ ਕੇ ਲੜਕਿਆਂ ਦੇ ਮਾਪਿਆਂ ਨੇ ਇਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।