#AMERICA

ਟੈਕਸਾਸ ‘ਚ ਇਕ ਰੈਸਟੋਰੈਂਟ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ; 23 ਜ਼ਖਮੀ

* ਜ਼ਖਮੀਆਂ ਵਿਚੋਂ ਕੁਝ ਦੇ ਮਾਮੂਲੀ ਤੇ ਕੁਝ ਦੇ ਗੰਭੀਰ ਸੱਟਾਂ ਵੱਜੀਆਂ
ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ‘ਚ ਹਿਊਸਟਨ ਸ਼ਹਿਰ ਤੋਂ ਤਕਰੀਬਨ 35 ਮੀਲ ਦੂਰ ਰੋਸਨਬਰਗ ਵਿਖੇ ਇਕ ਐੱਸ.ਯੂ.ਵੀ. ਗੱਡੀ ਰੈਸਟੋਰੈਂਟ ਦੀ ਕੰਧ ਨਾਲ ਟਕਰਾ ਕੇ ਅੰਦਰ ਵੜ ਜਾਣ ਦੀ ਖਬਰ ਹੈ। ਇਸ ਘਟਨਾ ‘ਚ 2 ਦਰਜ਼ਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਟੈਕਸਾਸ ਪੁਲਿਸ ਨੇ ਦਿੱਤੀ ਹੈ। ਰੋਸਨਬਰਗ, ਟੈਕਸਾਸ ਪੁਲਿਸ ਨੇ ਇਕ ਫੇਸਬੁੱਕ ਪੋਸਟ ‘ਚ ਕਿਹਾ ਹੈ ਕਿ ਸਵੇਰੇ 11.22 ਵਜੇ ਦੇ ਆਸਪਾਸ ਫੋਨ ਆਉਣੇ ਸ਼ੁਰੂ ਹੋਏ, ਜਿਨ੍ਹਾਂ ਵਿਚ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਰੋਸਨਬਰਗ ਪੁਲਿਸ ਵਿਭਾਗ ਅਨੁਸਾਰ ਡੈਨੀ’ਜ਼ ਰੈਸਟੋਰੈਂਟ ਵਿਖੇ ਵਾਪਰੇ ਇਸ ਹਾਦਸੇ ਵਿਚ ਰੈਸਟੋਰੈਂਟ ਵਿਚ ਮੌਜੂਦ 23 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਹਸਪਤਾਲ ਲਿਜਾਣ ਸਮੇਂ ਸਾਰੇ ਪੀੜਤ ਹੋਸ਼ ਵਿਚ ਸਨ। ਜ਼ਖਮੀਆਂ ਵਿਚੋਂ ਕਈਆਂ ਦੇ ਮਾਮੂਲੀ ਤੇ ਕੁਝ ਹੋਰਨਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ। ਜ਼ਖਮੀਆਂ ਵਿਚ 12 ਸਾਲ ਤੋਂ ਲੈ ਕੇ 60 ਸਾਲ ਦੇ ਲੋਕ ਸ਼ਾਮਲ ਹਨ। ਐੱਸ.ਯੂ.ਵੀ. ਦਾ ਡਰਾਈਵਰ ਵਾਲ-ਵਾਲ ਬੱਚ ਗਿਆ ਹੈ ਤੇ ਉਹ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਰੈਸਟੋਰੈਂਟ ਦੀ ਨਾਕਾਬੰਦੀ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਦੇ ਮਾਲਕ ਜਾਂ ਕਿਸੇ ਹੋਰ ਅਧਿਕਾਰੀ ਨੇ ਹਾਦਸੇ ਬਾਰੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਹੈ। ਕੇਵਲ ਏਨਾ ਕਿਹਾ ਹੈ ਕਿ ਇਸ ਵੇਲੇ ਹਾਦਸੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ।

 

Leave a comment