#Cricket #SPORTS

ਟੀ-20 ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਵਾਨਖੇੜੇ ਸਟੇਡੀਅਮ ‘ਚ ਸ਼ਾਨਦਾਰ ਸਵਾਗਤ

-ਖਿਡਾਰੀਆਂ ਦੀ ਝਲਕ ਪਾਉਣ ਲਈ ਵੱਡੀ ਗਿਣਤੀ ਲੋਕ ਪੁੱਜੇ
ਮੁੰਬਈ, 4 ਜੁਲਾਈ (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਵਾਨਖੇੜੇ ਸਟੇਡੀਅਮ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਮੁੰਬਈ ਦੇ ਨਰੀਮਨ ਪੁਆਇੰਟ ‘ਤੇ ਤਿਰੰਗੇ ਅਤੇ ਟਰਾਫੀ ਨਾਲ ਵਿਜੈ ਰਥ (ਖੁੱਲ੍ਹੀ ਛੱਤ ਵਾਲੀ ਬੱਸ) ਵਿਚ ਸਵਾਰ ਹੋਏ ਤੇ ਇੱਥੋਂ 2.2 ਕਿਲੋਮੀਟਰ ਦੂਰ ਸਥਿਤ ਵਾਨਖੇੜੇ ਸਟੇਡੀਅਮ ਤੱਕ ਗਏ। ਸਟੇਡੀਅਮ ਵਿਚ ਖਿਡਾਰੀਆਂ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੱਥੇ ਢਾਈ ਲੱਖ ਤੋਂ ਵੱਧ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਪਹੁੰਚੇ। ਮੌਨਸੂਨ ਦੀ ਬਰਸਾਤ ਦੇ ਬਾਵਜੂਦ ਤਿੰਨ ਕਿਲੋਮੀਟਰ ਲੰਬੀ ਮਰੀਨ ਡਰਾਈਵ ‘ਤੇ ਭੀੜ ਲੱਗੀ ਰਹੀ। ਮਹਾਰਾਸ਼ਟਰ ਸਰਕਾਰ ਨੇ ਭੀੜ ਦੇ ਮੱਦੇਨਜ਼ਰ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਮੌਕੇ ਭਾਰਤੀ ਪ੍ਰਸੰਸਕਾਂ ਨੇ ਫੁੱਲਾਂ ਦੇ ਹਾਰ ਅਤੇ ਢੋਲ ਢਮੱਕੇ ਨਾਲ ਸਵਾਗਤ ਕੀਤਾ।