– ਖੂਨ ਦੀ ਜਾਂਚ ਰਿਪੋਰਟ ‘ਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ
– ਲਾਪ੍ਰਵਾਹੀ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ
– ਹਾਦਸੇ ‘ਚ ਗਈ ਸੀ 3 ਲੋਕਾਂ ਦੀ ਜਾਨ
ਸੈਕਰਾਮੈਂਟੋ, 5 ਨਵੰਬਰ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੈਲੀਫੋਰਨੀਆ ਵਿਚ ਆਪਣੇ ਟਰੱਕ ਨਾਲ ਟੱਕਰ ਮਾਰ ਕੇ ਤਿੰਨ ਲੋਕਾਂ ਦੀ ਜਾਨ ਲੈਣ ਵਾਲਾ ਭਾਰਤੀ ਮੂਲ ਦਾ ਟਰੱਕ ਡਰਾਈਵਰ ਉਦੋਂ ਨਸ਼ੇ ਦੀ ਹਾਲਤ ਵਿਚ ਨਹੀਂ ਸੀ, ਪਰ ਇਹ ਵੱਡੀ ਅਣਗਹਿਲੀ ਕਾਰਨ ਹੋਈ ਹੱਤਿਆ ਦਾ ਮਾਮਲਾ ਬਣਿਆ ਹੋਇਆ ਹੈ। ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਹਾਦਸੇ ਮੌਕੇ ਟਰੱਕ ਦਾ ਡਰਾਈਵਰ ਨਸ਼ੇ ਵਿਚ ਧੁੱਤ ਸੀ।
ਯੂਬਾ ਸਿਟੀ ਨਿਵਾਸੀ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਨਸ਼ੇ ਵਿਚ ਗੱਡੀ ਚਲਾਉਣ (ਡੀ.ਯੂ.ਆਈ.) ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਵੱਡੀ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਡੀ.ਯੂ.ਆਈ. ਕਾਰਨ ਕਈ ਵਾਹਨਾਂ ਦੀ ਟੱਕਰ ਵਿਚ ਸੱਟ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਓਨਟਾਰੀਓ ਕੈਲੀਫੋਰਨੀਆ ‘ਚ ਹੋਏ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਪਿਛਲੇ ਹਫ਼ਤੇ ਸੋਧ ਕੇ ਦਾਇਰ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਟੌਕਸੀਕੋਲੋਜੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਟੈਸਟ ਕੀਤੇ ਜਾਣ ਸਮੇਂ ਜਸ਼ਨਪ੍ਰੀਤ ਸਿੰਘ ਦੇ ਖੂਨ ਵਿਚ ਕੋਈ ਵੀ ਨਸ਼ੀਲਾ ਪਦਾਰਥ ਮੌਜੂਦ ਨਹੀਂ ਸੀ। ਸੈਨ ਬਰਨਾਰਡੀਨੋ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ, ”ਹਾਲਾਂਕਿ ਇਹ ਸਿਰੇ ਦੀ ਲਾਪ੍ਰਵਾਹੀ ਨਾਲ ਕੀਤੇ ਗਏ ਕਤਲ ਦਾ ਮਾਮਲਾ ਬਣਿਆ ਹੋਇਆ ਹੈ।”
ਅਪਡੇਟ ਕੀਤੀ ਗਈ ਸ਼ਿਕਾਇਤ ਵਿਚ ਵੱਡੀ ਲਾਪ੍ਰਵਾਹੀ ਨਾਲ ਵਾਹਨਾਂ ਰਾਹੀਂ ਕਤਲ ਦੇ ਤਿੰਨ ਦੋਸ਼ ਸ਼ਾਮਲ ਹਨ, ਅਤੇ ਨਾਲ ਹੀ ‘ਹਾਈਵੇਅ ‘ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਨਾਲ ਇੱਕ ਖਾਸ ਸੱਟ ਲੱਗਣ’ ਦਾ ਨਵਾਂ ਦੋਸ਼ ਵੀ ਸ਼ਾਮਲ ਹੈ। ਚਸ਼ਮਦੀਦ ਗਵਾਹਾਂ ਅਤੇ ਡੈਸ਼ਕੈਮ ਫੁਟੇਜ ਵਿਚ ਜਸ਼ਨਪ੍ਰੀਤ ਸਿੰਘ ਨੂੰ ਰੁਕੇ ਹੋਏ ਟ੍ਰੈਫਿਕ ਵਿਚ ਤੇਜ਼ ਰਫ਼ਤਾਰੀ ਨਾਲ ਯਾਤਰਾ ਕਰਦੇ ਦਿਖਾਇਆ ਗਿਆ ਹੈ।
ਰਿਪੋਰਟ ਮੁਤਾਬਕ ਜਸ਼ਨਪ੍ਰੀਤ ਸਿੰਘ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ, ਜੋ 2022 ਵਿਚ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰਕੇ ਦੇਸ਼ ਵਿਚ ਦਾਖ਼ਲ ਹੋਇਆ ਸੀ। ਉਦੋਂ ਉਸ ਨੂੰ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾਅ ਕਰ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ ਅਗਸਤ ਤੋਂ ਬਾਅਦ ਇਹ ਦੂਜੀ ਅਜਿਹੀ ਘਟਨਾ ਹੈ, ਜਿਸ ਵਿਚ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ‘ਤੇ ਅਮਰੀਕਾ ਵਿਚ ਇੱਕ ਘਾਤਕ ਹਾਦਸੇ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ 28 ਸਾਲਾ ਹਰਜਿੰਦਰ ਸਿੰਘ ਨੇ 12 ਅਗਸਤ ਨੂੰ ਫਲੋਰੀਡਾ ਵਿਚ ਆਪਣੇ ਟਰੈਕਟਰ-ਟ੍ਰੇਲਰ ਵਿਚ ਕਥਿਤ ਗੈਰ-ਕਾਨੂੰਨੀ ਯੂ-ਟਰਨ ਲਿਆ, ਜਿਸ ਕਾਰਨ ਇੱਕ ਘਾਤਕ ਹਾਦਸਾ ਹੋਇਆ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉਸ ‘ਤੇ ਵਾਹਨ ਹੱਤਿਆ ਦੇ ਤਿੰਨ ਦੋਸ਼ ਲੱਗੇ ਹਨ।
ਟਰੱਕ ਹਾਦਸਾ: ਭਾਰਤੀ ਟਰੱਕ ਡਰਾਈਵਰ ਹਾਦਸੇ ਸਮੇਂ ਨਸ਼ੇ ‘ਚ ਨਹੀਂ ਸੀ; ਅਮਰੀਕੀ ਅਧਿਕਾਰੀ ਵੱਲੋਂ ਖੁਲਾਸਾ

