ਵਾਸ਼ਿੰਗਟਨ, 3 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਹੁੰ ਚੁੱਕਣ ਤੋਂ ਬਾਅਦ ਹੁਣ ਟੈਰਿਫ ਨੀਤੀ ਨੂੰ ਅੱਗੇ ਵਧਾ ਰਹੇ ਹਨ। ਹਾਲ ਹੀ ਵਿਚ ਟਰੰਪ ਨੇ ਕੈਨੇਡਾ, ਮੈਕਸੀਕੋ ਅਤੇ ਚੀਨ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਨਾਲ ਵਪਾਰ ਯੁੱਧ ਛਿੜ ਗਿਆ ਹੈ। ਟਰੰਪ ਨੇ ਹੁਣ ਯੂਰਪੀਅਨ ਯੂਨੀਅਨ (ਈ.ਯੂ.) ‘ਤੇ ਵੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ (ਈ.ਯੂ.) ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ ਜਲਦੀ ਹੀ ਟੈਰਿਫ ਲਗਾਏ ਜਾਣਗੇ। ਅਜਿਹੀ ਸਥਿਤੀ ਵਿਚ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਪਾਰ ਦੇ ਖੇਤਰ ਵਿਚ ਇਹ ਤਣਾਅ ਹੋਰ ਵਧਣ ਵਾਲਾ ਹੈ।
ਤੁਹਾਨੂੰ ਦੱਸ ਦੇਈਏ ਕਿ 2018 ਵਿਚ ਰਾਸ਼ਟਰਪਤੀ ਹੁੰਦਿਆਂ ਟਰੰਪ ਨੇ ਯੂਰਪੀਅਨ ਯੂਨੀਅਨ ਤੋਂ ਆਯਾਤ ਕੀਤੇ ਜਾਣ ਵਾਲੇ ਐਲੂਮੀਨੀਅਮ ਸਟੀਲ ‘ਤੇ ਟੈਰਿਫ ਲਗਾਇਆ ਸੀ। ਇਸ ਤੋਂ ਬਾਅਦ, ਯੂਰਪੀ ਸੰਘ ਨੇ ਵਿਸਕੀ ਅਤੇ ਮੋਟਰਸਾਈਕਲਾਂ ਸਮੇਤ ਅਮਰੀਕੀ ਉਤਪਾਦਾਂ ‘ਤੇ ਵੀ ਟੈਰਿਫ ਲਗਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਚੀਨ, ਕੈਨੇਡਾ ਅਤੇ ਮੈਕਸੀਕੋ ਸਮੇਤ ਗੁਆਂਢੀ ਦੇਸ਼ਾਂ ‘ਤੇ 25-25 ਪ੍ਰਤੀਸ਼ਤ ਟੈਰਿਫ ਲਗਾਇਆ ਸੀ।
ਹਾਲ ਹੀ ਵਿਚ ਕੈਨੇਡਾ ਅਤੇ ਮੈਕਸੀਕੋ ਨੇ ਵੀ ਟਰੰਪ ਦੇ ਇਸ ਫੈਸਲੇ ‘ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਲਈ ਚੀਨ ਨੇ ਵਿਸ਼ਵ ਸਿਹਤ ਸੰਗਠਨ ਵਿਚ ਇਸ ਵਿਰੁੱਧ ਕੇਸ ਦਾਇਰ ਕਰਨ ਲਈ ਕਿਹਾ। ਕੈਨੇਡਾ ਨੇ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾ ਕੇ ਅਮਰੀਕੀ ਟੈਰਿਫ ਦਾ ਜਵਾਬ ਦਿੱਤਾ ਹੈ। ਇਹ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ। ਉੱਧਰ ਯੂਰਪੀਅਨ ਯੂਨੀਅਨ ਨੇ ਵੀ ਬੀਤੇ ਦਿਨੀਂ (2 ਫਰਵਰੀ, 2025) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ, ਮੈਕਸੀਕੋ ਅਤੇ ਚੀਨ ‘ਤੇ ਭਾਰੀ ਟੈਰਿਫ ਲਗਾਉਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਨਿਸ਼ਾਨਾ ਬਣਾਇਆ ਗਿਆ, ਤਾਂ 27 ਦੇਸ਼ਾਂ ਦਾ ਸਮੂਹ ”ਸਖ਼ਤੀ ਨਾਲ” ਜਵਾਬੀ ਹਮਲਾ ਕਰੇਗਾ।
ਮੈਕਸੀਕੋ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦਾ ਜਵਾਬ ਟੈਰਿਫ ਲਗਾ ਕੇ ਦਿੱਤਾ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ ਅਮਰੀਕਾ ਵੱਲੋਂ ਮੈਕਸੀਕਨ ਉਤਪਾਦਾਂ ‘ਤੇ ਟੈਰਿਫ ਲਗਾਏ ਜਾਣ ਤੋਂ ਬਾਅਦ, ਉਸਨੇ ਆਪਣੇ ਅਰਥਚਾਰੇ ਮੰਤਰੀ ਨੂੰ ਮੈਕਸੀਕੋ ਦੇ ਹਿੱਤਾਂ ਦੀ ਰੱਖਿਆ ਲਈ ਟੈਰਿਫ ਲਗਾਉਣ ਦਾ ਆਦੇਸ਼ ਦਿੱਤਾ।