#AMERICA

ਟਰੰਪ ਵੱਲੋਂ ਹਮਾਸ ਨੂੰ ‘ਆਖਰੀ ਚੇਤਾਵਨੀ’ ਜਾਰੀ

ਕਿਹਾ: ‘ਜੇਕਰ ਬੰਧਕਾਂ ਨੂੰ ਨਾ ਛੱਡਿਆ ਤਾਂ….’
ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਹਮਾਸ ਨੂੰ ਆਪਣੀ ‘ਆਖਰੀ ਚੇਤਾਵਨੀ’ ਜਾਰੀ ਕਰਦਿਆਂ ਕਿਹਾ ਕਿ ਫਲਸਤੀਨੀ ਅੱਤਵਾਦੀ ਸੰਗਠਨ ਨੂੰ ਗਾਜ਼ਾ ਵਿਚ ਬੰਧਕਾਂ ਨੂੰ ਰਿਹਾਅ ਕਰਨ ਲਈ ਇੱਕ ਸਮਝੌਤੇ ‘ਤੇ ਸਹਿਮਤ ਹੋਣਾ ਚਾਹੀਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ, ”ਇਜ਼ਰਾਈਲ ਨੇ ਮੇਰੀਆਂ ਸ਼ਰਤਾਂ ਮੰਨ ਲਈਆਂ ਹਨ। ਹੁਣ ਹਮਾਸ ਲਈ ਵੀ ਸਹਿਮਤ ਹੋਣ ਦਾ ਸਮਾਂ ਆ ਗਿਆ ਹੈ।”
ਉਨ੍ਹਾਂ ਅੱਗੇ ਲਿਖਿਆ, ‘ਮੈਂ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਸ਼ਰਤਾਂ ਨਹੀਂ ਮੰਨਦਾ ਹੈ, ਤਾਂ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਮੇਰੀ ਆਖਰੀ ਚੇਤਾਵਨੀ ਹੈ, ਹੋਰ ਕੁਝ ਨਹੀਂ ਹੋਵੇਗਾ!’ ਨਿਊਜ਼ ਏਜੰਸੀ ਰਾਇਟਰਜ਼ ਨੇ ਕਿਹਾ ਕਿ ਟਰੰਪ ਨੇ ਸ਼ਨੀਵਾਰ ਨੂੰ ਹਮਾਸ ਨੂੰ ਇੱਕ ਨਵਾਂ ਜੰਗਬੰਦੀ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਸਮਝੌਤੇ ਤਹਿਤ ਹਮਾਸ ਨੂੰ ਜੰਗਬੰਦੀ ਦੇ ਪਹਿਲੇ ਦਿਨ ਬਾਕੀ 48 ਬੰਧਕਾਂ ਨੂੰ ਰਿਹਾਅ ਕਰਨਾ ਹੋਵੇਗਾ, ਜਿਸ ਦੇ ਬਦਲੇ ਇਜ਼ਰਾਈਲ ਵਿਚ ਬੰਦ ਹਜ਼ਾਰਾਂ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਸਮੇਂ ਦੌਰਾਨ, ਗਾਜ਼ਾ ਪੱਟੀ ਵਿਚ ਜੰਗ ਖਤਮ ਕਰਨ ‘ਤੇ ਗੱਲਬਾਤ ਕੀਤੀ ਜਾਵੇਗੀ।
ਰਾਇਟਰਜ਼ ਅਨੁਸਾਰ, ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਟਰੰਪ ਦੇ ਪ੍ਰਸਤਾਵ ‘ਤੇ ‘ਗੰਭੀਰਤਾ ਨਾਲ ਵਿਚਾਰ’ ਕਰ ਰਿਹਾ ਹੈ, ਪਰ ਉਸਨੇ ਕੋਈ ਵੇਰਵਾ ਨਹੀਂ ਦਿੱਤਾ। ਐਤਵਾਰ ਨੂੰ ਇਜ਼ਰਾਈਲੀ ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਕਿਹਾ ਕਿ ਜੇਕਰ ਹਮਾਸ ਬੰਧਕਾਂ ਨੂੰ ਰਿਹਾਅ ਕਰ ਦਿੰਦਾ ਹੈ ਅਤੇ ਆਪਣੇ ਹਥਿਆਰ ਰੱਖ ਦਿੰਦਾ ਹੈ ਤਾਂ ਗਾਜ਼ਾ ਵਿਚ ਜੰਗ ਖਤਮ ਹੋ ਸਕਦੀ ਹੈ। ਉਸਨੇ ਇਹ ਬਿਆਨ ਯਰੂਸ਼ਲਮ ਵਿਚ ਆਪਣੇ ਡੈਨਿਸ਼ ਹਮਰੁਤਬਾ ਨਾਲ ਇੱਕ ਪ੍ਰੈੱਸ ਕਾਨਫਰੰਸ ਵਿਚ ਦਿੱਤਾ। ਇਹ ਬਿਆਨ ਹਮਾਸ ਦੇ ਆਪਣੇ ਪੁਰਾਣੇ ਰੁਖ਼ ਨੂੰ ਦੁਹਰਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ ਕਿ ਉਹ ਸਾਰੇ ਬੰਧਕਾਂ ਨੂੰ ਤਾਂ ਹੀ ਰਿਹਾਅ ਕਰੇਗਾ, ਜੇਕਰ ਇਜ਼ਰਾਈਲ ਯੁੱਧ ਖਤਮ ਕਰਨ ਅਤੇ ਗਾਜ਼ਾ ਸ਼ਹਿਰ ਤੋਂ ਆਪਣੀ ਫੌਜ ਵਾਪਸ ਬੁਲਾਉਣ ਲਈ ਸਹਿਮਤ ਹੁੰਦਾ ਹੈ।