#AMERICA

ਟਰੰਪ ਵੱਲੋਂ ਸੁਰੱਖਿਆ ਲਈ ਜੰਗੀ ਜਹਾਜ਼ ਅਤੇ ਬਖ਼ਤਰਬੰਦ ਵਾਹਨ ਦੀ ਮੰਗ

ਨਿਊਯਾਰਕ, 14 ਅਕਤੂਬਰ (ਪੰਜਾਬ ਮੇਲ)- ਇਰਾਨ ਤੋਂ ਮਿਲ ਰਹੀਆਂ ਧਮਕੀਆਂ ਤੋਂ ਫ਼ਿਕਰਮੰਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਚਾਰ ਟੀਮ ਨੇ ਉਨ੍ਹਾਂ ਦੀ ਸੁਰੱਖਿਆ ‘ਚ ਧਰਤੀ ਤੋਂ ਹਵਾ ‘ਚ ਮਿਜ਼ਾਈਲਾਂ ਫੁੰਡਣ ਦੀ ਸਮਰੱਥਾ ਵਾਲਾ ਜੰਗੀ ਜਹਾਜ਼ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਟਰੰਪ ਦੀ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਕਾਫ਼ਲੇ ‘ਚ ਬਖ਼ਤਰਬੰਦ ਵਾਹਨ ਵੀ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਰੈਲੀਆਂ ਅਤੇ ਰਿਹਾਇਸ਼ਾਂ ‘ਤੇ ਉਡਾਣਾਂ ਉਪਰ ਪਾਬੰਦੀ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। ਟਰੰਪ ਅਤੇ ਉਸ ਦੇ ਅਮਲੇ ਨੇ ਸ਼ਿਕਾਇਤ ਕੀਤੀ ਹੈ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਹ ਵਾਲ-ਵਾਲ ਬਚ ਗਏ ਸਨ, ਜਦਕਿ ਦੂਜੇ ਹਮਲੇ ਨੂੰ ਅਮਰੀਕੀ ਖ਼ੁਫ਼ੀਆ ਸੇਵਾ ਦੇ ਏਜੰਟਾਂ ਨੇ ਨਾਕਾਮ ਬਣਾ ਦਿੱਤਾ ਸੀ।