ਜੇ ਗੱਲ ਨਾ ਮੰਨੀ ਤਾਂ ਬੁਰਾ ਹਸ਼ਰ ਹੋਵੇਗਾ; ਅਮਰੀਕਾ ਦੇ ਹੁਕਮਾਂ ਅਨੁਸਾਰ ਕੰਮ ਕਰਨ ਲਈ ਦਬਾਅ ਪਾਇਆ
ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੁਏਲਾ ਦੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਅਮਰੀਕਾ ਦੇ ਹੁਕਮਾਂ ਦਾ ਪਾਲਣ ਨਾ ਕੀਤਾ, ਤਾਂ ਉਨ੍ਹਾਂ ਦਾ ਹਸ਼ਰ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇਕ ਮੈਗਜ਼ੀਨ ਨੂੰ ਇੰਟਰਵਿਊ ਦਿੰਦਿਆਂ ਕਹੀ।
ਇਸ ਤੋਂ ਇਕ ਦਿਨ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੈਲਸੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨੇਜ਼ੁਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ ਪਰ ਇਸ ਤੋਂ ਬਾਅਦ ਹੀ ਅੰਤਰਿਮ ਰਾਸ਼ਟਰਪਤੀ ਡੈਲਸੀ ਨੇ ਟੀ.ਵੀ. ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਹੀ ਹੈ ਤੇ ਉਨ੍ਹਾਂ ਅਮਰੀਕਾ ਵਲੋਂ ਨਿਕੋਲਸ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਵੀ ਕੀਤੀ ਸੀ।
ਟਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ, ਤਾਂ ਵੈਨੇਜ਼ੁਏਲਾ ਵਿਚ ਅਮਰੀਕੀ ਫੌਜੀ ਤਾਇਨਾਤ ਨਹੀਂ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਡੈਲਸੀ ਨੂੰ ਅੰਤਰਿਮ ਰਾਸ਼ਟਰਪਤੀ ਵਜੋਂ ਕੰਮ ਕਰਨ ਦੇ ਹੁਕਮ ਦਿੱਤੇ ਸਨ।
ਅਮਰੀਕਾ ਨੇ ਵੈਨਜ਼ੁਏਲਾ ‘ਤੇ ਹਮਲਾ ਕਰਕੇ ਉਨ੍ਹਾਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਾਬੂ ਕੀਤਾ ਸੀ। ਨਿਕੋਲਸ ਨੂੰ ਕਾਬੂ ਕਰਦਿਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਾਈਵ ਦੇਖਿਆ। ਟਰੰਪ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਇਹ ਤੈਅ ਕਰੇਗਾ ਕਿ ਵੈਨਜ਼ੁਏਲਾ ਦਾ ਅਗਲਾ ਆਗੂ ਕੌਣ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਕੋਲ ਇਸ ਵੇਲੇ ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਤੇਲ ਕੰਪਨੀਆਂ ਹਨ ਤੇ ਇਹ ਕੰਪਨੀਆਂ ਹੀ ਵੈਨਜ਼ੁਏਲਾ ਦੇ ਤੇਲ ਖੇਤਰ ਵਿਚ ਸਰਗਰਮ ਭੂਮਿਕਾ ਅਦਾ ਕਰਨਗੀਆਂ। ਟਰੰਪ ਨੇ ਕਿਹਾ ਕਿ ਨਿਕੋਲਸ ਨੇ ਜੇਲ੍ਹਾਂ ਦੇ ਕੈਦੀਆਂ ਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ, ਜੋ ਮੁਆਫੀ ਯੋਗ ਨਹੀਂ ਹੈ। ਇਸ ਕਰਕੇ ਅਮਰੀਕਾ ਨੇ ਫੌਜੀ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਸੀ.ਆਈ.ਏ. ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਨਿਕੋਲਸ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ।
ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ

