ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਯੋਜਨਾ ਹੈ ਕਿ ਜੇ ਉਹ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ, ਤਾਂ ਯੂਰਪ ਤੇ ਪੱਛਮੀ ਏਸ਼ੀਆ ਵਿਚ ਜਾਰੀ ਯੁੱਧ ਦੇ ਬਾਵਜੂਦ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇਗਾ।
ਟਰੰਪ ਨੇ ਵਿਦੇਸ਼ਾਂ ਤੋਂ ਹਜ਼ਾਰਾਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਮੈਕਸਿਕੋ ਨਾਲ ਲੱਗਦੀ ਅਮਰੀਕੀ ਸਰਹੱਦ ‘ਤੇ ਤਾਇਨਾਤ ਕਰਨ ਦਾ ਅਹਿਦ ਲਿਆ ਹੈ। ਸਾਬਕਾ ਰਾਸ਼ਟਰਪਤੀ ਨੇ ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਹਟਾਉਣ ਦੀ ਵੀ ਗੱਲ ਕੀਤੀ ਹੈ, ਜੋ ਵਿਚਾਰਕ ਤੌਰ ‘ਤੇ ਉਨ੍ਹਾਂ ਦੇ ਵਿਰੋਧੀ ਹਨ। ਟਰੰਪ ਦਾ ਨਜ਼ਰੀਆ ਅਮਰੀਕੀ ਸਮਾਜ ਵਿਚ ਫੌਜ ਦੀ ਭੂਮਿਕਾ ਵਿਚ ਸ਼ਾਇਦ ਨਾਟਕੀ ਬਦਲਾਅ ਦੀ ਗੱਲ ਕਰਦਾ ਹੈ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਖ਼ਿਲਾਫ਼ ਟਰੰਪ ਦਾ ਚੋਣ ਪ੍ਰਚਾਰ ਆਪਣੇ ਆਖ਼ਰੀ ਪੜਾਅ ਵਿਚ ਹੈ। ਅਜਿਹੇ ਵਿਚ ਉਹ ਉਨ੍ਹਾਂ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕਰ ਰਹੇ ਹਨ, ਜਿਨ੍ਹਾਂ ਕੋਲ ਸਥਾਈ ਕਾਨੂੰਨੀ ਦਰਜਾ ਨਹੀਂ ਹੈ। ਟਰੰਪ ਤੇ ਉਨ੍ਹਾਂ ਦੇ ਸਲਾਹਕਾਰ ਫੌਜ ਦੀਆਂ ਪਹਿਲਾਂ ਅਤੇ ਵਸੀਲਿਆਂ ਨੂੰ ਅਜਿਹੇ ਸਮੇਂ ਬਦਲਣ ਦੀ ਯੋਜਨਾ ਬਣਾ ਰਹੇ ਹਨ, ਜਦੋਂ ਯੂਰਪ ਤੇ ਪੱਛਮੀ ਏਸ਼ੀਆ ਵਿਚ ਜੰਗ ਚੱਲ ਰਹੀ ਹੈ। ਟਰੰਪ ਦੇ ਮੈਨੀਫੈਸਟੋ ਵਿਚ ਸਭ ਤੋਂ ਵੱਧ ਪਹਿਲ ਇਸ ਸਮੇਂ ਵਿਦੇਸ਼ਾਂ ਵਿਚ ਤਾਇਨਾਤ ਹਜ਼ਾਰਾਂ ਫੌਜੀਆਂ ਨੂੰ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਤਾਇਨਾਤ ਕਰਨਾ ਹੈ। ਟਰੰਪ ਨੇ ਕਿਹਾ ਕਿ ਉਹ ਲੱਖਾਂ ਪ੍ਰਵਾਸੀਆਂ ਨੂੰ ਕੱਢਣ ਲਈ ‘ਨੈਸ਼ਨਲ ਗਾਰਡ’ ਅਤੇ ਸ਼ਾਇਦ ਫੌਜ ਦੀ ਵਰਤੋਂ ਕਰਨਗੇ।