ਕੇਜਰੀਵਾਲ ਨੇ ਦਿੱਤਾ ਰਿਐਕਸ਼ਨ, ਕਿਹਾ; ‘ਮੁਫ਼ਤ ਰਿਓੜੀ’ ਅਮਰੀਕਾ ਪਹੁੰਚੀ
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਮੇਲ)- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਬਿਜਲੀ ਦਰਾਂ ਨੂੰ ਅੱਧਾ ਕਰਨ ਦੇ ਕੀਤੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਆਪਣੇ ਸਿਆਸੀ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ‘ਮੁਫਤ ਰਿਓੜੀ’ ਹੁਣ ਅਮਰੀਕਾ ਤਕ ਪਹੁੰਚ ਚੁੱਕੀ ਹੈ। ‘ਡੈਟ੍ਰਾਇਟ ਇਕਨਾਮਿਕ ਕਲੱਬ’ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ, ਤਾਂ ਬਿਜਲੀ ਦੀਆਂ ਦਰਾਂ ਨੂੰ ਘੱਟ ਕਰਨਗੇ ਅਤੇ ਊਰਜਾ ਕੁਸ਼ਲਤਾ ਵਧਾਉਣ ਲਈ ਵਾਤਾਵਰਣ ਕਲੀਅਰੈਂਸ ਨੂੰ ਤੇਜ਼ ਕਰਨਗੇ।
ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਮੈਂ 12 ਮਹੀਨਿਆਂ ਅੰਦਰ ਊਰਜਾ ਅਤੇ ਬਿਜਲੀ ਦੀ ਕੀਮਤ ਅੱਧੀ ਕਰ ਦਿਆਂਗਾ। ਅਸੀਂ ਗੰਭੀਰਤਾ ਨਾਲ ਵਾਤਾਵਰਣ ਕਲੀਅਰੈਂਸ ਨੂੰ ਤੇਜ਼ ਕਰਾਂਗੇ ਤੇ ਆਪਣੀ ਪਾਵਰ ਸਮਰੱਥਾ ਨੂੰ ਤੇਜ਼ੀ ਨਾਲ ਦੁੱਗਣਾ ਕਰਾਂਗੇ। ਇਸ ਨਾਲ ਮਹਿੰਗਾਈ ਘਟੇਗੀ ਤੇ ਅਮਰੀਕਾ ਅਤੇ ਮਿਸ਼ੀਗਨ ਫੈਕਟਰੀਆਂ ਲਾਉਣ ਲਈ ਧਰਤੀ ‘ਤੇ ਸਭ ਤੋਂ ਵਧੀਆ ਥਾਂ ਬਣ ਜਾਣਗੇ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਨੂੰ ਰੀ-ਪੋਸਟ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਨੇ ਸ਼ੁੱਕਰਵਾਰ ਕਿਹਾ ਕਿ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਬਿਜਲੀ ਦੀਆਂ ਦਰਾਂ ਅੱਧੀਆਂ ਕਰ ਦੇਣਗੇ। ਇਸ ਦਾ ਮਤਲਬ ਇਹ ਹੈ ਕਿ ‘ਮੁਫ਼ਤ ਰਿਓੜੀ’ ਅਮਰੀਕਾ ਵੀ ਪਹੁੰਚ ਗਈ ਹੈ। ਦਿੱਲੀ ‘ਚ ਸਬਸਿਡੀ ਵਾਲੀ ਬਿਜਲੀ ਤੇ ਪਾਣੀ ਦੀ ਸਪਲਾਈ ਨੂੰ ਲੈ ਕੇ ਕੇਜਰੀਵਾਲ ‘ਤੇ ਅਕਸਰ ਆਪਣੇ ਸਿਆਸੀ ਵਿਰੋਧੀਆਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਉਨ੍ਹਾਂ ‘ਤੇ ਸਰਕਾਰ ਦੇ ਖਜ਼ਾਨੇ ‘ਤੇ ਬੇਲੋੜਾ ਦਬਾਅ ਪਾਉਣ ਲਈ ‘ਮੁਫ਼ਤ ਦੀਆਂ ਰਿਓੜੀਆਂ’ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਜਾਂਦਾ ਹੈ।