#AMERICA

ਟਰੰਪ ਵੱਲੋਂ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੇ ਆਦੇਸ਼ ‘ਤੇ ਦਸਤਖਤ

ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣ ਦੇ ਆਦੇਸ਼ ‘ਤੇ ਦਸਤਖਤ ਕੀਤੇ। ਡੋਨਾਲਡ ਟਰੰਪ ਨੇ ਇਸ ਹੁਕਮ ‘ਤੇ ਉਦੋਂ ਦਸਤਖਤ ਕੀਤੇ, ਜਦੋਂ ਉਹ ਖੁਦ ਆਪਣੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਵਿਚ ਅਮਰੀਕਾ ਦੀ ਖਾੜੀ ਦੇ ਉੱਪਰੋਂ ਉਡਾਣ ਭਰ ਰਹੇ ਸਨ। ਦਰਅਸਲ ਟਰੰਪ ਨਿਊ ਓਰਲੀਨਜ਼ ਵਿਚ ਸੁਪਰ ਬਾਊਲ ਵਿਚ ਸ਼ਾਮਲ ਹੋਣ ਜਾ ਰਹੇ ਸਨ। ਡੋਨਾਲਡ ਟਰੰਪ ਨੇ ਹਾਲ ਹੀ ਵਿਚ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਐਲਾਨ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਉਸ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਮੈਕਸੀਕੋ ਦੀ ਖਾੜੀ ਪਿਛਲੇ 400 ਸਾਲਾਂ ਤੋਂ ਇਸ ਨਾਮ ਨਾਲ ਜਾਣੀ ਜਾਂਦੀ ਸੀ। ਹਾਲਾਂਕਿ, ਟਰੰਪ ਦਾ ਕਹਿਣਾ ਹੈ ਕਿ ਇਸਨੂੰ ਅਮਰੀਕੀ ਸ਼ਹਿਰ ਨਿਊ ਮੈਕਸੀਕੋ ਦੇ ਕਾਰਨ ਮੈਕਸੀਕੋ ਦੀ ਖਾੜੀ ਕਿਹਾ ਜਾਂਦਾ ਸੀ। ਖਾੜੀ ਦਾ ਨਾਮ ਬਦਲਣ ਦਾ ਐਲਾਨ ਕਰਦੇ ਸਮੇਂ, ਟਰੰਪ ਨੇ ਕਿਹਾ ਸੀ ਕਿ ਖਾੜੀ ਦਾ ਨਾਮ ਅਮਰੀਕਾ ਦੇ ਨਾਮ ‘ਤੇ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ‘ਤੇ ਅਮਰੀਕਾ ਦਾ ਜ਼ਿਆਦਾਤਰ ਕੰਟਰੋਲ ਹੈ। ਮੈਕਸੀਕੋ ਅਤੇ ਕਿਊਬਾ ਦਾ ਵੀ ਇਸ ਵਿਚ ਹਿੱਸਾ ਹੈ। ਇਹ ਖਾੜੀ ਅਮਰੀਕਾ ਲਈ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੈ, ਜਿਸ ਵਿਚ ਮੱਛੀ ਪਾਲਣ, ਬਿਜਲੀ ਉਤਪਾਦਨ ਅਤੇ ਵਪਾਰ ਆਦਿ ਪ੍ਰਮੁੱਖ ਗਤੀਵਿਧੀਆਂ ਹਨ। ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਵਜੋਂ ਜਾਣਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਾਡਾ ਇਲਾਕਾ ਹੈ।