#AMERICA

ਟਰੰਪ ਵੱਲੋਂ ਮੇਅਰ ਦੇ ਮੁੱਦੇ ‘ਤੇ ਨਿਊਯਾਰਕ ਦੇ ਫੰਡ ਰੋਕਣ ਦੀ ਚਿਤਾਵਨੀ

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਕੈਥੀ ਹੋਛਲ ਦੁਆਰਾ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਜਹਿਰਾਨ ਮਮਡਾਨੀ ਦੇ ਨਾਂ ਦੀ ਪੁਸ਼ਟੀ ਕਰਨ ‘ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਸੰਘੀ ਸਰਕਾਰ ਸ਼ਹਿਰ ਨੂੰ ਫੰਡ ਭੇਜਣ ‘ਤੇ ਪੁਨਰ-ਵਿਚਾਰ ਕਰ ਸਕਦੀ ਹੈ। ਹੋਛਲ ਨੇ ਨਿਊਯਾਰਕ ਟਾਈਮਜ਼ ਦੇ ਵਿਸ਼ੇਸ਼ ਟਿਪਣੀ ਸਫੇ ਉਪਰ ਪੁਸ਼ਟੀ ਕਰਦਿਆਂ ਕਿਹਾ ਕਿ ਮਮਡਾਨੀ ਇਕ ਅਜਿਹਾ ਆਗੂ ਹੈ, ਜੋ ਨੁਕਸਾਨਦੇਹ ਨੀਤੀਆਂ ਤੋਂ ਨਿਊਯਾਰਕ ਵਾਸੀਆਂ ਨੂੰ ਬਚਾਉਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਪ੍ਰਤੀਕਰਮ ‘ਚ ਟਰੰਪ ਨੇ ਸੋਸ਼ਲ ਮੀਡੀਆ ਉਪਰ ਲਿਖਿਆ ਹੈ, ”ਨਿਊਯਾਰਕ ਲਈ ਬਹੁਤ ਬੁਰੀ ਖਬਰ, ਵਾਸ਼ਿੰਗਟਨ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਇਸ ਬੁਰੀ ਖਬਰ ਤੋਂ ਬਾਅਦ ਫੰਡ ਭੇਜਣ ਦਾ ਕੋਈ ਕਾਰਨ ਨਹੀਂ ਹੈ।” ਇਸ ਉਪਰੰਤ ਗਵਰਨਰ ਨੇ ਕਿਹਾ ਕਿ ਟਰੰਪ ਦੀ ਜਨਤਕ ਦਖਲਅੰਦਾਜ਼ੀ ਨੇ ਉਸ ਨੂੰ ਮੁੜ ਮਮਡਾਨੀ ਦਾ ਜ਼ੋਰਦਾਰ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਹੈ। ਗਵਰਨਰ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਸਥਾਨਕ ਚੋਣਾਂ ‘ਚ ਦਖਲ ਦੇ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਟਰੰਪ ਪ੍ਰਸ਼ਾਸਨ ਦੁਆਰਾ ਨਾਮਜ਼ਦ ਗਲਤ ਵਿਅਕਤੀ ਦੇ ਨਾਂ ਦੀ ਮੇਅਰ ਵਜੋਂ ਪੁਸ਼ਟੀ ਨਹੀਂ ਕਰੇਗੀ। ਗਵਰਨਰ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਮਮਡਾਨੀ ਦੀ ਪੁਸ਼ਟੀ ਨਿਊਯਾਰਕ ਸ਼ਹਿਰ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਹੈ।