#AMERICA

ਟਰੰਪ ਵੱਲੋਂ ਮਾਈਕ ਪੌਂਪੀਓ ਤੇ ਨਿੱਕੀ ਹੇਲੀ ਨੂੰ ਕੈਬਨਿਟ ‘ਚ ਸ਼ਾਮਲ ਕਰਨ ਨਾਂਹ

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਪਿਛਲੀ ਵਜ਼ਾਰਤ ‘ਚ ਸ਼ਾਮਲ ਮਾਈਕ ਪੌਂਪੀਓ ਅਤੇ ਨਿੱਕੀ ਹੇਲੀ ਨੂੰ ਐਤਕੀਂ ਨਵੇਂ ਪ੍ਰਸ਼ਾਸਨ ‘ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ‘ਤੇ ਇਕ ਪੋਸਟ ‘ਚ ਕਿਹਾ, ”ਮੈਂ ਸਾਬਕਾ ਸਫ਼ੀਰ ਨਿੱਕੀ ਹੇਲੀ ਜਾਂ ਸਾਬਕਾ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਟਰੰਪ ਪ੍ਰਸ਼ਾਸਨ ‘ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦੇਣ ਜਾ ਰਿਹਾ ਹੈ, ਜਿਸ ਦੇ ਗਠਨ ਲਈ ਕਵਾਇਦ ਚੱਲ ਰਹੀ ਹੈ।” ਉਂਜ ਸੋਸ਼ਲ ਮੀਡੀਆ ਪੋਸਟ ‘ਚ ਟਰੰਪ ਨੇ ਦੋਵੇਂ ਆਗੂਆਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਪੌਂਪੀਓ ਸੀ.ਆਈ.ਏ. ਦੇ ਡਾਇਰੈਕਟਰ ਰਹੇ ਸਨ ਅਤੇ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ, ਜਦਕਿ ਨਿੱਕੀ ਹੇਲੀ ਟਰੰਪ ਦੇ ਕਾਰਜਕਾਲ ਦੇ ਪਹਿਲੇ ਦੋ ਸਾਲਾਂ ‘ਚ ਸੰਯੁਕਤ ਰਾਸ਼ਟਰ ‘ਚ ਸਫ਼ੀਰ ਰਹੀ ਸੀ। ਬਾਅਦ ‘ਚ ਕੈਬਨਿਟ ਰੈਂਕ ਦੇ ਦੋਵੇਂ ਆਗੂਆਂ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਟਰੰਪ ਨੂੰ ਚੁਣੌਤੀ ਦਿੱਤੀ ਸੀ।