ਅਮਰੀਕੀ ਅਰਥਵਿਵਸਥਾ ਨੂੰ ਅਲਵਿਦਾ ਕਹਿਣ ਲਈ ਤਿਆਰ ਰਹਿਣ ਅਤੇ 100 ਫ਼ੀਸਦੀ ਟੈਕਸ ਲਾਉਣ ਦੀ ਦਿੱਤੀ ਧਮਕੀ
ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਬ੍ਰਿਕਸ ਦੇਸ਼ ਕੌਮਾਂਤਰੀ ਵਪਾਰ ਵਿਚ ਅਮਰੀਕੀ ਡਾਲਰ ਦੀ ਬਜਾਏ ਕਿਸੇ ਹੋਰ ਮੁਦਰਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਉਹ ਉਨ੍ਹਾਂ ‘ਤੇ 100 ਫ਼ੀਸਦੀ ਟੈਕਸ ਲਾ ਦੇਣਗੇ। ਟਰੰਪ ਨੇ ਕਿਹਾ ਕਿ ਬ੍ਰਿਕਸ ਦੇਸ਼ ‘ਕੋਈ ਹੋਰ ਮੂਰਖ ਦੇਸ਼’ ਲੱਭ ਲੈਣ।
ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਕਿਹਾ, ‘ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਅਤੇ ਅਸੀਂ ਖੜ੍ਹੇ ਹੋ ਕੇ ਬਸ ਦੇਖਦੇ ਰਹੀਏ, ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਦਿਨ ਖ਼ਤਮ ਹੋ ਚੁੱਕੇ ਹਨ।’ ਉਨ੍ਹਾਂ ਕਿਹਾ ਕਿ ਉਹ ਬ੍ਰਿਕਸ ਦੇਸ਼ਾਂ ਤੋਂ ਇਹ ਵਚਨਬੱਧਤਾ ਚਾਹੁੰਦੇ ਹਨ ਕਿ ਨਾ ਤਾਂ ਉਹ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਤੋਂ ਇਲਾਵਾ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ।
ਉਨ੍ਹਾਂ ਧਮਕੀ ਦਿੰਦਿਆਂ ਕਿਹਾ, ‘ਉਹ (ਬ੍ਰਿਕਸ ਦੇਸ਼) ਕੋਈ ਦੂਜਾ ਮੂਰਖ ਦੇਸ਼ ਲੱਭ ਸਕਦੇ ਹਨ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਬ੍ਰਿਕਸ ਕੌਮਾਂਤਰੀ ਵਪਾਰ ਜਾਂ ਹੋਰ ਕਿਤੇ ਅਮਰੀਕੀ ਡਾਲਰ ਦੀ ਥਾਂ ਲੈ ਲਵੇਗਾ। ਹਾਲਾਂਕਿ ਜਿਹੜਾ ਵੀ ਦੇਸ਼ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਟੈਕਸਾਂ ਦਾ ਸਵਾਗਤ ਅਤੇ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ।’ ਟਰੰਪ ਨੇ ਬ੍ਰਿਕਸ ਮੈਂਬਰ ਦੇਸ਼ਾਂ ਵੱਲੋਂ ਆਪਣੀ ਮੁਦਰਾ ਜਾਰੀ ਕਰਨ ਦੇ ਕਿਸੇ ਵੀ ਕਦਮ ਦੀ ਵਾਰ-ਵਾਰ ਨਿਖੇਧੀ ਕੀਤੀ ਹੈ ਅਤੇ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਸਖ਼ਤ ਵਿਰੋਧ ਹੈ। ਦਸੰਬਰ ਵਿਚ ਵੀ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਕਦਮ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।
ਬ੍ਰਿਕਸ ਦਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਦਾ ਅੰਤਰ-ਸਰਕਾਰੀ ਸੰਗਠਨ ਹੈ। 2009 ਵਿਚ ਬਣਿਆ ਬ੍ਰਿਕਸ ਇੱਕੋ ਇੱਕ ਵੱਡਾ ਕੌਮਾਂਤਰੀ ਗਰੁੱਪ ਹੈ, ਜਿਸ ਦਾ ਅਮਰੀਕਾ ਹਿੱਸਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿਚ ਇਸ ਦੇ ਕੁਝ ਮੈਂਬਰ ਦੇਸ਼, ਖਾਸ ਕਰਕੇ ਰੂਸ ਅਤੇ ਚੀਨ ਅਮਰੀਕੀ ਡਾਲਰ ਦਾ ਬਦਲ ਜਾਂ ਬ੍ਰਿਕਸ ਮੁਦਰਾ ਬਣਾਉਣ ਦੀ ਮੰਗ ਕਰ ਰਹੇ ਹਨ। ਬ੍ਰਿਕਸ ਦੇ ਅਹਿਮ ਥੰਮ੍ਹ ਭਾਰਤ ਨੇ ਕਿਹਾ ਹੈ ਕਿ ਉਹ ‘ਡੀ-ਡਾਲਰਾਈਜ਼ੇਸ਼ਨ’ (ਵਿਸ਼ਵ ਵਪਾਰ ਅਤੇ ਵਿੱਤੀ ਲੈਣ-ਦੇਣ ਵਿਚ ਡਾਲਰ ਦੀ ਵਰਤੋਂ ਵਿਚ ਕਮੀ) ਦੇ ਖ਼ਿਲਾਫ਼ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਸੰਬਰ ਵਿਚ ਕਿਹਾ ਸੀ ਕਿ ਭਾਰਤ ਕਦੇ ਵੀ ‘ਡੀ-ਡਾਲਰਾਈਜ਼ੇਸ਼ਨ’ ਦੇ ਹੱਕ ਵਿਚ ਨਹੀਂ ਰਿਹਾ ਅਤੇ ਬ੍ਰਿਕਸ ਮੁਦਰਾ ਬਣਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।