#AMERICA

ਟਰੰਪ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਸਰਹੱਦਾਂ ਸੀਲ ਕਰਨ ਦਾ ਐਲਾਨ

ਮੈਕਸਿਕੋ ਤੋਂ ਹਜ਼ਾਰਾਂ ਪ੍ਰਵਾਸੀਆਂ ਦਾ ਕਾਫ਼ਲਾ ਪੈਦਲ ਹੀ ਅਮਰੀਕੀ ਸਰਹੱਦ ਵੱਲ ਹੋਇਆ ਰਵਾਨਾ
ਵਾਸ਼ਿੰਗਟਨ ਡੀ.ਸੀ., 24 ਜੁਲਾਈ (ਪੰਜਾਬ ਮੇਲ)- ਨਵੰਬਰ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਦੁਨੀਆਂ ਭਰ ਦੀ ਨਿਗ੍ਹਾ ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਖੜ੍ਹੇ ਉਮੀਦਵਾਰਾਂ ‘ਤੇ ਲੱਗੀ ਹੋਈ ਹੈ। ਰਿਪਬਲੀਕਨ ਪਾਰਟੀ ਵੱਲੋਂ ਡੋਨਲਡ ਟਰੰਪ ਨੂੰ ਪਾਰਟੀ ਦੀ ਹਮਾਇਤ ਪ੍ਰਾਪਤ ਹੋ ਚੁੱਕੀ ਹੈ, ਜਦਕਿ ਡੈਮੋਕ੍ਰੇਟ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਚੋਣ ਮੈਦਾਨ ‘ਚੋਂ ਹੱਟ ਜਾਣ ਅਤੇ ਉਨ੍ਹਾਂ ਵੱਲੋਂ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਉਣ ਤੋਂ ਬਾਅਦ ਸਥਿਤੀ ਦਿਲਚਸਪ ਹੋ ਗਈ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਕਾਰਜਕਾਲ ਦੌਰਾਨ ਮੈਕਸੀਕੋ-ਅਮਰੀਕੀ ਬਾਰਡਰ ਤੋਂ ਪ੍ਰਵਾਸੀਆਂ ਨੂੰ ਆਉਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਸੀ। ਪਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਐਲਾਨ ਕੀਤਾ ਹੈ ਕਿ ਜੇ ਮੈਂ ਜਿੱਤਦਾ ਹਾਂ, ਤਾਂ ਅਮਰੀਕਾ ਦੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਅਮਰੀਕਾ ਆਉਣ ਦੀ ਤਾਂਘ ‘ਚ ਬੈਠੇ ਲੋਕਾਂ ਵਿਚ ਹਫੜਾ-ਧਫੜੀ ਮੱਚ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਟਰੰਪ ਜਿੱਤ ਗਿਆ, ਤਾਂ ਅਸੀਂ ਕਦੇ ਵੀ ਅਮਰੀਕਾ ਦਾਖਲ ਨਹੀਂ ਹੋ ਸਕਾਂਗੇ। ਇਸ ਕਰਕੇ ਮੈਕਸੀਕੋ ਤੋਂ ਲੋਕਾਂ ਨੇ ਪੈਦਲ ਹੀ ਅਮਰੀਕਾ ਵੱਲ ਕੂਚ ਕਰ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਨਵੰਬਰ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹ ਅਮਰੀਕਾ ਵਿਚ ਦਾਖਲ ਹੋ ਜਾਣ। ਇਨ੍ਹਾਂ ਪ੍ਰਵਾਸੀਆਂ ਵਿਚ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਗਿਣਤੀ ਵਿਚ ਆਮਦ ਸ਼ੁਰੂ ਹੋ ਚੁੱਕੀ ਹੈ।