#EUROPE

ਟਰੰਪ ਵੱਲੋਂ ਗ੍ਰੀਨਲੈਂਡ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਨਾਲ ਅੰਤਰਰਾਸ਼ਟਰੀ ਤਣਾਅ ਹੋਇਆ ਪੈਦਾ

-ਡੈਨਮਾਰਕ ਨੇ ਮੰਗਿਆ ਭਾਰਤ ਦਾ ਸਮਰਥਨ
ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਨਮਾਰਕ ਦੇ ਅਰਧ-ਅਧਿਕਾਰ ਵਾਲੇ ਖੇਤਰ ਗ੍ਰੀਨਲੈਂਡ ‘ਤੇ ਕਬਜ਼ਾ ਕਰਨ ਦੀਆਂ ਮੁੜ ਦਿੱਤੀਆਂ ਗਈਆਂ ਧਮਕੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਪੈਦਾ ਕਰ ਦਿੱਤਾ ਹੈ। ਇਸ ਸਥਿਤੀ ਦੇ ਮੱਦੇਨਜ਼ਰ, ਡੈਨਮਾਰਕ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਰਾਸਮਸ ਜਾਰਲੋਵ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭੂਸੱਤਾ ਦੇ ਸਿਧਾਂਤਾਂ ਦੀ ਰਾਖੀ ਲਈ ਡੈਨਮਾਰਕ ਦਾ ਸਾਥ ਦੇਵੇ।
ਟਰੰਪ ਪ੍ਰਸ਼ਾਸਨ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਦਬਾਅ ਪਾ ਰਿਹਾ ਹੈ ਕਿਉਂਕਿ ਇਹ ਖੇਤਰ ਦੁਰਲੱਭ ਖਣਿਜਾਂ, ਯੂਰੇਨੀਅਮ ਅਤੇ ਲੋਹੇ ਵਰਗੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਡੈਨਮਾਰਕ ਸਹਿਮਤ ਨਹੀਂ ਹੁੰਦਾ, ਤਾਂ ਅਮਰੀਕਾ ਫੌਜੀ ਤਾਕਤ ਦੀ ਵਰਤੋਂ ਵੀ ਕਰ ਸਕਦਾ ਹੈ।
ਜਾਰਲੋਵ ਨੇ ਕਿਹਾ ਕਿ ਭਾਵੇਂ ਗ੍ਰੀਨਲੈਂਡ ਭਾਰਤ ਤੋਂ ਬਹੁਤ ਦੂਰ ਹੈ, ਪਰ ਇਹ ਸੰਪੂਰਨ ਪ੍ਰਭੂਸੱਤਾ ਦਾ ਮਾਮਲਾ ਹੈ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਭਾਰਤ ਆਪਣੇ ਕਿਸੇ ਖੇਤਰ ‘ਤੇ ਵਿਦੇਸ਼ੀ ਕਬਜ਼ੇ ਨੂੰ ਸਵੀਕਾਰ ਨਹੀਂ ਕਰ ਸਕਦਾ, ਤਾਂ ਉਸ ਨੂੰ ਇਸ ਮਾਮਲੇ ਵਿਚ ਵੀ ਡੈਨਮਾਰਕ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਕਬਜ਼ੇ ਦੁਨੀਆਂ ਨੂੰ ਅਰਾਜਕਤਾ ਵੱਲ ਲੈ ਜਾਣਗੇ।
ਡੈਨਮਾਰਕ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਕਿ ਗ੍ਰੀਨਲੈਂਡ ‘ਤੇ ਚੀਨ ਜਾਂ ਰੂਸ ਦਾ ਕੋਈ ਖਤਰਾ ਹੈ। ਜਾਰਲੋਵ ਅਨੁਸਾਰ, ਗ੍ਰੀਨਲੈਂਡ ਵਿਚ ਚੀਨ ਦੀ ਕੋਈ ਫੌਜੀ ਜਾਂ ਆਰਥਿਕ ਗਤੀਵਿਧੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਤਰਾ ਹੁੰਦਾ, ਤਾਂ ਅਮਰੀਕਾ ਉੱਥੇ ਆਪਣੀ ਫੌਜ 15,000 ਤੋਂ ਘਟਾ ਕੇ ਸਿਰਫ 150 ਨਾ ਕਰਦਾ। ਸੰਸਦ ਮੈਂਬਰ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਕਿ ਅਮਰੀਕਾ ਆਪਣੇ ਹੀ ਇੱਕ ਵਫ਼ਾਦਾਰ ਸਹਿਯੋਗੀ ਦੇਸ਼ (ਡੈਨਮਾਰਕ) ਨੂੰ ਧਮਕੀਆਂ ਦੇ ਰਿਹਾ ਹੈ, ਜਦਕਿ ਗ੍ਰੀਨਲੈਂਡ ਵਿਚ ਪਹਿਲਾਂ ਹੀ ਅਮਰੀਕਾ ਦੀ ਫੌਜੀ ਪਹੁੰਚ ਮੌਜੂਦ ਹੈ।