-ਕਿਹਾ: ਬਹੁਤ ਰੁਝੇਵਿਆਂ ਕਾਰਨ ਖੁਫ਼ੀਆ ਦਸਤਾਵੇਜ ਮੋੜ ਨਹੀਂ ਸਕਿਆ
ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਛੱਡਣ ਸਮੇਂ ਆਪਣੇ ਨਾਲ ਲੈ ਗਏ ਖੁਫ਼ੀਆ ਦਸਤਾਵੇਜ਼ ਨਾ ਮੋੜਨ ਬਾਰੇ ਇਕ ਹੋਰ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਬਹੁਤ ਰੁਝੇ ਹੋਏ ਸਨ, ਇਸ ਲਈ ਉਸ ਨੂੰ ਆਪਣੇ ਨਿੱਜੀ ਸਮਾਨ ਵਿਚੋਂ ਦਸਤਾਵੇਜ਼ਾਂ ਨੂੰ ਵੱਖ ਕਰਨ ਦਾ ਸਮਾਂ ਨਹੀਂ ਮਿਲਿਆ। ਸਾਬਕਾ ਰਾਸ਼ਟਰਪਤੀ ਨੇ ਇਹ ਪ੍ਰਗਟਾਵਾ ਫੌਕਸ ਨਿਊਜ਼ ਦੇ ਚੀਫ ਪੁਲੀਟੀਕਲ ਐਂਕਰ ਬਰੈਟ ਬੇਈਰ ਨਾਲ ਸਪੈਸ਼ਲ ਰਿਪੋਰਟ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਕੀਤਾ ਹੈ। ਜਦੋਂ ਸਾਬਕਾ ਰਾਸ਼ਟਰਪਤੀ ਨੂੰ ਪੁੱਛਿਆ ਗਿਆ ਕਿ ਨੈਸ਼ਨਲ ਆਰਕੀਵਜ਼ ਤੇ ਨਿਆਂ ਵਿਭਾਗ ਦੁਆਰਾ ਮੰਗੇ ਜਾਣ ‘ਤੇ ਉਸ ਨੇ ਦਸਤਾਵੇਜ਼ਾਂ ਵਾਲੇ ਡੱਬੇ ਵਾਪਸ ਕਿਉਂ ਨਹੀਂ ਦਿੱਤੇ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਡੱਬੇ ਸਨ ਤੇ ਮੈਂ ਆਪਣੇ ਨਿੱਜੀ ਸਮਾਨ ਨੂੰ ਡੱਬਿਆਂ ਤੋਂ ਵੱਖ ਕਰਨਾ ਚਾਹੁੰਦਾ ਸੀ ਪਰੰਤੂ ਰੁਝੇਵਿਆਂ ਕਾਰਨ ਮੈਂ ਅਜਿਹਾ ਨਹੀਂ ਕਰ ਸਕਿਆ। ਇਥੇ ਜ਼ਿਕਰਯੋਗ ਹੈ ਕਿ ਟਰੰਪ ਵਿਰੁੱਧ ਕੌਮੀ ਸੁਰੱਖਿਆ ਦਸਤਾਵੇਜ਼ਾਂ ਨਾਲ ਖਿਲਵਾੜ ਕਰਨ ਤੇ ਨਿਆਂ ਵਿਚ ਅੜਿੱਕਾ ਪਾਉਣ ਦੇ ਮਾਮਲੇ ਵਿਚ 37 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਕਾਰਜਕਾਲ ਪੂਰਾ ਹੋਣ ਤੋਂ ਇਕ ਸਾਲ ਦੇ ਵੀ ਵਧ ਸਮੇਂ ਬਾਅਦ ਐੱਫ.ਬੀ.ਆਈ. ਨੇ ਸਾਬਕਾ ਰਾਸ਼ਟਰਪਤੀ ਦੇ ਪਾਮ ਬੀਚ, ਫਲੋਰਿਡਾ ਸਥਿੱਤ ਮਾਰ-ਏ-ਲਾਗੋ ਰਿਜ਼ਾਰਟ ‘ਤੇ ਮਾਰੇ ਛਾਪੇ ਦੌਰਾਨ 300 ਤੋਂ ਵਧ ਗੁਪਤ ਦਸਤਾਵੇਜ਼ ਬਰਾਮਦ ਕੀਤੇ ਸਨ।

