#AMERICA

ਟਰੰਪ ਵੱਲੋਂ ਇਕ ਵਾਰ ਫਿਰ ਭਾਰਤ ‘ਤੇ ਟੈਰਿਫ ਵਧਾਉਣ ਦੀ ਚਿਤਾਵਨੀ

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਵੈਨੇਜ਼ੁਏਲਾ ‘ਤੇ ਕੀਤੀ ਏਅਰਸਟ੍ਰਾਈਕ ਮਗਰੋਂ ਜਿੱਥੇ ਅਮਰੀਕਾ ਦੀ ਕਈ ਦੇਸ਼ਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਟੈਰਿਫ਼ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ‘ਤੇ ਅਮਰੀਕਾ ਦਾ ਸਹਿਯੋਗ ਨਾ ਦਿੱਤਾ, ਤਾਂ ਉਹ ਭਾਰਤ ‘ਤੇ ਟੈਰਿਫ ਹੋਰ ਵਧਾ ਸਕਦੇ ਹਨ। ਵ੍ਹਾਈਟ ਹਾਊਸ ਦੁਆਰਾ ਜਾਰੀ ਇੱਕ ਆਡੀਓ ਵਿਚ ਟਰੰਪ ਨੇ ਕਿਹਾ ਕਿ ਉਹ ਭਾਰਤ ‘ਤੇ ਬਹੁਤ ਜਲਦੀ ਨਵੇਂ ਟੈਰਿਫ ਲਗਾ ਸਕਦੇ ਹਨ।
ਆਪਣੀ ਇਸ ਚਿਤਾਵਨੀ ਦੇ ਬਾਵਜੂਦ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਬਹੁਤ ਚੰਗਾ ਇਨਸਾਨ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਜਾਣਦੇ ਸਨ ਕਿ ਮੈਂ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਕਾਰਨ ਖੁਸ਼ ਨਹੀਂ ਸੀ, ਅਤੇ ਉਹ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਭਾਰਤ ‘ਤੇ ਪਹਿਲਾਂ ਹੀ 50 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ, ਜਿਸ ਵਿਚ 25 ਫ਼ੀਸਦੀ ਟੈਰਿਫ਼ ਪੇਨਾਲਟੀ ਵਜੋਂ ਲਾਇਆ ਗਿਆ ਹੈ। ਇਹ ਟੈਰਿਫ ਪਿਛਲੇ ਸਾਲਾਂ ਵਿਚ 10 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ।
ਅਮਰੀਕਾ ਵੱਲੋਂ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਅਤੇ ਟੈਰਿਫ ਕਾਰਨ ਭਾਰਤ ਦੇ ਨਿਰਯਾਤ ਵਿਚ ਵੱਡੀ ਕਮੀ ਆਈ ਹੈ। ਮਈ ਤੋਂ ਸਤੰਬਰ 2025 ਦੇ ਵਿਚਕਾਰ ਭਾਰਤ ਦਾ ਅਮਰੀਕਾ ਨੂੰ ਨਿਰਯਾਤ 37.5 ਫ਼ੀਸਦੀ ਘੱਟ ਕੇ 8.8 ਅਰਬ ਡਾਲਰ ਤੋਂ 5.5 ਅਰਬ ਡਾਲਰ ਰਹਿ ਗਿਆ ਹੈ।
ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਅਨੁਸਾਰ, ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜੋ ਰਾਸ਼ਟਰਪਤੀ ਨੂੰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ 500 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਗ੍ਰਾਹਮ ਨੇ ਦਾਅਵਾ ਕੀਤਾ ਕਿ ਅਮਰੀਕੀ ਦਬਾਅ ਕਾਰਨ ਹੁਣ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਕਾਫੀ ਘਟਾ ਦਿੱਤੀ ਹੈ।
ਟਰੰਪ ਨੇ ਪਿਛਲੀ ਬਾਇਡਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਅਮਰੀਕਾ ਪੈਸੇ ਦੇ ਰਿਹਾ ਸੀ, ਹੁਣ ਉਨ੍ਹਾਂ ਦੀਆਂ ਨੀਤੀਆਂ ਕਾਰਨ ਅਮਰੀਕਾ ਨੂੰ ਪੈਸਾ ਮਿਲ ਰਿਹਾ ਹੈ। ਭਾਰਤ ਅਤੇ ਅਮਰੀਕਾ ਇਸ ਵੇਲੇ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ (ਬੀ.ਟੀ.ਏ.) ‘ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਪਹਿਲਾ ਪੜਾਅ ਜਲਦੀ ਪੂਰਾ ਹੋਣ ਦੀ ਉਮੀਦ ਹੈ।